Punjabi in Canada: ਕੈਨੇਡਾ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੈ। ਸਿਆਸਤ ਤੋਂ ਲੈ ਕੇ ਕਾਰੋਬਾਰ ਤੱਕ ਪੰਜਾਬੀਆਂ ਦੀ ਪੂਰੀ ਧਾਂਕ ਹੈ। ਦੂਜੇ ਪਾਸੇ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸੀ ਧਰਤੀ ਉਪਰ ਵੀ ਬਾਜ ਨਹੀਂ ਆਉਂਦੇ। ਇਹ ਆਪਣੇ ਕਾਰਿਆਂ ਕਰਕੇ ਖੁਦ ਤਾਂ ਮੁਸੀਬਤਾਂ ਝੱਲਦੇ ਹੀ ਹਨ, ਇਸ ਦੇ ਨਾਲ ਹੀ ਪੂਰੇ ਭਾਈਚਾਰੇ ਦੇ ਵੱਕਾਰ ਉਪਰ ਵੀ ਸਵਾਲ ਖੜ੍ਹੇ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਓਂਟਾਰੀਓ ਵਿੱਚ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਸਾਰੇ ਹੈਰਾਨ ਹਨ। 



ਦਰਅਸਲ ਓਂਟਾਰੀਓ ਵਿੱਚ ਛੇ ਪੰਜਾਬੀ ਫੜੇ ਗਏ ਹਨ ਜੋ ਸਟੋਰਾਂ ਤੋਂ ਘਿਓ ਤੇ ਮੱਖਣ ਚੋਰੀ ਕਰਦੇ ਸੀ। ਇਹ ਘਿਓ ਚੋਰ ਕੋਈ ਮਾੜੀ ਮੋਟੀ ਚੋਰੀ ਨਹੀਂ ਕਰਦੇ ਸੀ ਸਗੋਂ ਇਨ੍ਹਾਂ ਨੇ 36 ਲੱਖ ਰੁਪਏ ਦਾ ਘਿਓ ਤੇ ਮੱਖਣ ਚੁਰਾਇਆ ਹੈ। ਇਹ ਖਬਰ ਸਾਹਮਣੇ ਆਉਣ ਤੋਂ ਮਗਰੋਂ ਲੋਕ ਹੈਰਾਨ ਹਨ ਕਿ ਇਹ ਆਖਿਰ ਘਿਓ ਤੇ ਮੱਖਣ ਹੀ ਕਿਉਂ ਚੁਰਾਉਂਦੇ ਸੀ। ਸੋਸ਼ਲ ਮੀਡੀਆ ਉਪਰ ਇਸ ਨੂੰ ਲੈ ਕੇ ਕਾਫੀ ਗਹਿਮਾ-ਗਹਿਮੀ ਨਜ਼ਰਕ ਆ ਰਹੀ ਹੈ।



ਹਾਸਲ ਜਾਣਕਾਰੀ ਮੁਤਾਬਕ ਓਂਟਾਰੀਓ ਦੀ ਪੀਲ ਖੇਤਰੀ ਪੁਲਿਸ ਨੇ 6 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਪਿਛਲੇ ਸਾਲ ਵੱਖ ਵੱਖ ਸਟੋਰਾਂ ਚੋਂ 60 ਹਜਾਰ ਡਾਲਰ (36 ਲੱਖ ਰੁਪਏ) ਦਾ ਘਿਓ ਤੇ ਮੱਖਣ ਚੋਰੀ ਕਰਨ ਦੇ ਦੋਸ਼ ਹਨ। ਚੋਰੀ ਨਾਲ ਸਬੰਧਤ ਵੱਖ ਵੱਖ ਦੋਸ਼ਾਂ ਹੇਠ ਪੀਲ ਪੁਲਿਸ ਵੱਲੋਂ ਕਾਬੂ ਕੀਤੇ ਇਨ੍ਹਾਂ ਪੰਜਾਬੀਆਂ ਦੀ ਪਹਿਚਾਣ ਸੁਖਮੰਦਰ ਸਿੰਘ (23) ਦਲਵਾਲ ਸਿੱਧੂ (28), ਨਵਦੀਪ ਚੌਧਰੀ (28), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। 


ਕਾਬੂ ਕੀਤੇ ਗਏ ਨੌਜਵਾਨਾਂ ਵਿੱਚੋਂ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ ਪਰ ਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ। ਪੁਲਿਸ ਅਨੁਸਾਰ ਇਨ੍ਹਾਂ ਨੇ ਪਿਛਲੇ ਸਾਲ ਬਰੈਂਪਟਨ ਦੇ ਕਰਿਆਨਾ ਸਟੋਰਾਂ ਚੋਂ ਕਈ ਵਾਰ ਮੱਖਣ ਤੇ ਘਿਉ ਚੋਰੀ ਕੀਤਾ ਤੇ ਉੱਥੋਂ ਬਚ ਨਿਕਲਦੇ ਰਹੇ। ਸਟੋਰ ਮਾਲਕਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕਰਵਾਉਣ ਕਾਰਨ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਤੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਬੁਲਾਰੇ ਨੇ ਦੱਸਿਆ ਪੁੱਛਗਿੱਛ ਦੌਰਾਨ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵੱਡੇ ਪੱਧਰ ਤੇ ਘਿਓ ਤੇ ਮੱਖਣ ਚੋਰੀ ਕਰਕੇ ਕਿਸ ਸਟੋਰ ਮਾਲਕ ਨੂੰ ਵੇਚਦੇ ਸਨ ਤਾਂ ਕਿ ਉਸ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਸਕੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।