nuclear radiation in pakistan: ਭਾਰਤ ਦੇ ਆਪ੍ਰੇਸ਼ਨ ਸਿੰਦੂਰ ਨੇ ਪਾਕਿਸਤਾਨ ਤੇ POK ਵਿੱਚ ਅੱਤਵਾਦ ਦੀ ਕਮਰ ਤੋੜ ਦਿੱਤੀ। ਅਜਿਹੇ ਵਿੱਚ ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਸਰਗੋਧਾ ਨੇੜੇ ਪ੍ਰਮਾਣੂ ਰੇਡੀਏਸ਼ਨ ਲੀਕ ਹੋ ਰਿਹਾ ਹੈ। ਹੁਣ ਅਮਰੀਕੀ ਸਰਕਾਰ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਗੋਧਾ ਏਅਰਬੇਸ ਦੇ ਨੇੜੇ ਕਿਰਾਨਾ ਪਹਾੜੀਆਂ 'ਤੇ ਪਾਕਿਸਤਾਨ ਕੋਲ ਪ੍ਰਮਾਣੂ ਹਥਿਆਰ ਹਨ। ਆਪ੍ਰੇਸ਼ਨ ਸਿੰਦੂਰ ਦੌਰਾਨ ਸਰਗੋਧਾ 'ਤੇ ਹਮਲੇ ਤੋਂ ਬਾਅਦ ਨਿਊਕਲੀਅਰ ਰੇਡੀਏਸ਼ਨ ਲੀਕ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਮਰੀਕਾ ਨੇ ਰੇਡੀਏਸ਼ਨ ਦੀ ਜਾਂਚ ਲਈ ਆਪਣੀ ਟੀਮ ਪਾਕਿਸਤਾਨ ਭੇਜੀ ਹੈ।
ਇਸ ਸਬੰਧ ਵਿੱਚ ਜਦੋਂ ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਟੌਮੀ ਪਿਗੌਟ ਤੋਂ ਪੁੱਛਿਆ ਗਿਆ ਕਿ, ਕੀ ਅਮਰੀਕੀ ਟੀਮ ਪ੍ਰਮਾਣੂ ਰੇਡੀਏਸ਼ਨ ਲੀਕ ਦੀ ਜਾਂਚ ਲਈ ਪਾਕਿਸਤਾਨ ਗਈ ਹੈ? ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਸਮੇਂ ਗੱਲ ਕਰਨ ਜਾਂ ਅੰਦਾਜ਼ਾ ਲਗਾਉਣ ਲਈ ਕੁਝ ਨਹੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਤੇ ਪੀਓਕੇ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਸੀ। ਪਾਕਿਸਤਾਨ ਵਿੱਚ ਸਰਗੋਧਾ ਅਤੇ ਨੂਰ ਖ਼ਾਨ ਹਵਾਈ ਅੱਡਿਆਂ 'ਤੇ ਵੀ ਹਮਲੇ ਕੀਤੇ ਗਏ। ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਨੇ ਇਨ੍ਹਾਂ ਦੋਵਾਂ ਥਾਵਾਂ ਦੇ ਆਲੇ-ਦੁਆਲੇ ਪ੍ਰਮਾਣੂ ਹਥਿਆਰ ਰੱਖੇ ਹੋਏ ਹਨ। ਭਾਰਤ ਦੇ ਹਮਲਿਆਂ ਕਾਰਨ ਇੱਥੇ ਰੇਡੀਏਸ਼ਨ ਲੀਕ ਹੋ ਰਹੀ ਹੈ। ਹਾਲਾਂਕਿ, ਭਾਰਤ ਸਰਕਾਰ ਨੇ ਅਜਿਹੀਆਂ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਭਾਰਤੀ ਹਵਾਈ ਸੈਨਾ ਨੇ 10 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਘੱਟੋ-ਘੱਟ ਅੱਠ ਪਾਕਿਸਤਾਨੀ ਫੌਜੀ ਟਿਕਾਣਿਆਂ 'ਤੇ ਸਟੀਕ ਸਟ੍ਰਾਈਕ ਕੀਤੇ, ਜਿਸ ਤੋਂ ਬਾਅਦ ਸੈਟੇਲਾਈਟ ਤਸਵੀਰਾਂ ਨੇ ਬੁਨਿਆਦੀ ਢਾਂਚੇ ਅਤੇ ਜ਼ਮੀਨ ਨੂੰ ਭਾਰੀ ਨੁਕਸਾਨ ਦੀ ਪੁਸ਼ਟੀ ਕੀਤੀ। ਇਨ੍ਹਾਂ ਵਿੱਚ ਰਫੀਕੀ, ਮੁਰੀਦਕੇ, ਚਕਲਾਲਾ, ਰਹੀਮ ਯਾਰ ਖ਼ਾਨ, ਸਾਕਰ, ਚੁਨੀਆਂ, ਪਸਰੂਰ ਤੇ ਸਿਆਲਕੋਟ ਵਿਖੇ ਰਾਡਾਰ ਸੈਂਟਰ, ਕਮਾਂਡ ਅਤੇ ਕੰਟਰੋਲ ਸੈਂਟਰ ਅਤੇ ਗੋਲਾ ਬਾਰੂਦ ਡਿਪੂ ਸ਼ਾਮਲ ਸਨ।
ਦੱਸ ਦਈਏ ਕਿ ਬੁਲੇਟਿਨ ਆਫ਼ ਦ ਐਟੋਮਿਕ ਸਾਇੰਟਿਸਟਸ ਨਾਮਕ ਇੱਕ ਐਨਜੀਓ ਦੁਆਰਾ ਪ੍ਰਕਾਸ਼ਿਤ 2023 ਦੀ ਰਿਪੋਰਟ ਵਿੱਚ ਕਿਰਾਨਾ ਪਹਾੜੀਆਂ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਇੱਕ ਸਬਕ੍ਰਿਟੀਕਲ ਨਿਊਕਲੀਅਰ ਟੈਸਟ ਸਾਈਟ ਵਜੋਂ ਪਛਾਣਿਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਜਗ੍ਹਾ 'ਤੇ ਗੋਲਾ ਬਾਰੂਦ ਸਟੋਰੇਜ ਖੇਤਰ, TEL (ਟ੍ਰਾਂਸਪੋਰਟਰ ਇਰੈਕਟਰ ਲਾਂਚਰ) ਗੈਰੇਜ ਅਤੇ ਘੱਟੋ-ਘੱਟ ਦਸ ਭੂਮੀਗਤ ਸਟੋਰੇਜ ਸਹੂਲਤਾਂ ਹਨ।