ਅਮਰੀਕੀ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ (DNI) ਤੁਲਸੀ ਗੈਬਾਰਡ ਨਾਲ ਮੁਲਾਕਾਤ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (SFJ) ਵਿਰੁੱਧ ਸਖ਼ਤ ਕਾਰਵਾਈ ਲਈ ਅਪੀਲ ਕੀਤੀ ਹੈ। ਗੈਬਾਰਡ ਨਾਲ ਆਪਣੀ ਮੁਲਾਕਾਤ ਦੌਰਾਨ ਸਿੰਘ ਨੇ ਗੁਰਪਤਵੰਤ ਸਿੰਘ ਪੰਨੂ ਦੀ ਅਗਵਾਈ ਵਾਲੇ SFJ 'ਤੇ ਭਾਰਤ ਦੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਤੇ ਅਮਰੀਕਾ ਨੂੰ ਗੈਰ-ਕਾਨੂੰਨੀ ਸੰਗਠਨ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕਿਹਾ।


ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਕਥਿਤ ਤੌਰ 'ਤੇ SFJ ਦੀਆਂ ਗਤੀਵਿਧੀਆਂ 'ਤੇ ਭਾਰਤ ਦੀਆਂ ਚਿੰਤਾਵਾਂ 'ਤੇ ਜ਼ੋਰ ਦਿੱਤਾ, ਜਿਸ ਵਿੱਚ ਵੱਖਵਾਦੀ ਪ੍ਰਚਾਰ ਤੇ ਅੱਤਵਾਦੀ ਘਟਨਾਵਾਂ ਵਿੱਚ ਕਥਿਤ ਸ਼ਮੂਲੀਅਤ ਸ਼ਾਮਲ ਹੈ। ਇਹ ਚਰਚਾ ਵਿਦੇਸ਼ੀ ਧਰਤੀ ਤੋਂ ਕੰਮ ਕਰਨ ਵਾਲੇ ਖਾਲਿਸਤਾਨੀ ਤੱਤਾਂ 'ਤੇ ਵਧ ਰਹੇ ਤਣਾਅ ਦੇ ਵਿਚਕਾਰ ਹੋਈ ਹੈ, ਜਿਸ ਵਿੱਚ ਭਾਰਤ ਨੇ ਅਮਰੀਕਾ ਸਮੇਤ ਵਿਸ਼ਵਵਿਆਪੀ ਭਾਈਵਾਲਾਂ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨ ਵਾਲੇ ਸਮੂਹਾਂ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।



ਗ਼ੌਰ ਕਰਨ ਵਾਲੀ ਗੱਲ ਹੈ ਕਿ ਇਹ ਮੀਟਿੰਗ ਉਸ ਸਮੇਂ ਮਹੱਤਵਪੂਰਨ ਹੋ ਗਈ ਜਦੋਂ ਅਮਰੀਕੀ ਵਕੀਲਾਂ ਨੇ ਇੱਕ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪਿਛਲੇ ਸਾਲ ਨਵੰਬਰ ਵਿੱਚ ਇੱਕ ਹੋਰ ਕਥਿਤ ਭਾਰਤੀ ਸਰਕਾਰੀ ਅਧਿਕਾਰੀ ਦੇ ਨਾਲ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।






ਦੱਸ ਦਈਏ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਨਾਲ ਇੱਕ ਦੁਵੱਲੀ ਮੀਟਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਅਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਮੁੱਖ ਪਹਿਲੂਆਂ 'ਤੇ ਚਰਚਾ ਕੀਤੀ।


ਸਿੰਘ ਨੇ X 'ਤੇ ਮੀਟਿੰਗ ਦੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ, "ਨਵੀਂ ਦਿੱਲੀ ਵਿੱਚ ਅਮਰੀਕੀ ਡਾਇਰੈਕਟਰ ਆਫ਼ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਾਰਡ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ ਰੱਖਿਆ ਤੇ ਜਾਣਕਾਰੀ ਸਾਂਝੀ ਕਰਨ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।"






ਜ਼ਿਕਰ ਕਰ ਦਈਏ ਕਿ ਗਬਾਰਡ ਆਪਣੇ ਬਹੁ-ਰਾਸ਼ਟਰੀ ਦੌਰੇ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰ ਰਹੀ ਹੈ। ਗਬਾਰਡ ਦੀ ਯਾਤਰਾ ਦਿੱਲੀ ਵਿੱਚ ਸੁਰੱਖਿਆ ਅਧਿਕਾਰੀਆਂ ਦੇ ਇੱਕ ਬਹੁ-ਰਾਸ਼ਟਰੀ ਇਕੱਠ ਵਿੱਚ ਇੱਕ ਭਾਸ਼ਣ ਦੇ ਨਾਲ ਸਮਾਪਤ ਹੋਵੇਗੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਸੀ।



ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਗਬਾਰਡ ਨਾਲ ਇੱਕ ਮੀਟਿੰਗ ਕੀਤੀ ਤੇ ਸੂਤਰਾਂ ਦੇ ਅਨੁਸਾਰ, ਉਨ੍ਹਾਂ ਨੇ ਭਾਰਤ-ਅਮਰੀਕਾ ਸਬੰਧਾਂ ਦੇ ਕਈ ਪਹਿਲੂਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਦੀ ਭਾਰਤ ਫੇਰੀ ਇਸ ਸਾਲ ਫਰਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਬਾਅਦ ਹੈ।