ਨਵੀਂ ਦਿੱਲੀ: ਬਾਬਾ ਰਾਮਦੇਵ ਭਾਰਤ ਵਿੱਚ ਕਿਸੇ ਪਛਾਣ ਦਾ ਮੁਥਾਜ ਨਹੀਂ। ਦੇਸ਼ ਦੇ ਸਭ ਤੋਂ ਅਮੀਰ ਯੋਗ ਗੁਰੂ ਦੇ ਨਾਲ-ਨਾਲ ਹੁਣ ਰਾਮਦੇਵ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣ ਸਕਦੇ ਹਨ। ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ।


ਬਿਲੀ ਗ੍ਰਾਹਮ ਵਰਗੇ ਰਾਮਦੇਵ-

ਰਿਪੋਰਟ ਵਿੱਚ ਰਾਮਦੇਵ ਦੀ ਤੁਲਨਾ ਦੱਖਣੀ-ਪੂਰਬ ਦੇ ਬਾਪਟਿਸਟ ਫਾਇਰਬ੍ਰੈਂਡ ਬਿਲੀ ਗ੍ਰਾਹਮ ਨਾਲ ਕੀਤੀ ਗਈ ਹੈ, ਜੋ ਅਮਰੀਕਾ ਦੇ ਕਈ ਰਾਸ਼ਟਰਪਤੀਆਂ ਨੂੰ ਸਲਾਹ ਦਿੰਦੇ ਸਨ। ਉਨ੍ਹਾਂ ਇਸਾਈ ਧਰਮ ਨੂੰ ਨਵੀਂ ਊਰਜਾ ਦਿੱਤੀ। ਕੁਝ ਇਸੇ ਤਰ੍ਹਾਂ ਦਾ ਸੀਨ ਇੱਥੇ ਵੀ ਹੈ: ਰਾਮਦੇਵ ਹਿੰਦੂਆਂ ਦੇ ਅਧਿਕਾਰਾਂ ਦੀ ਬੁਲੰਦ ਆਵਾਜ਼ ਹਨ।

ਟਰੰਪ ਨਾਲ ਬਰਾਬਰੀ-

ਵਪਾਰ ਤੇ ਸਿਆਸਤ ਵਿੱਚ ਭੂਮਿਕਾ ਨੂੰ ਦੇਖੀਏ ਤਾਂ ਬਾਬਾ ਰਾਮਦੇਵ ਭਾਰਤ ਦੇ ਡੋਨਾਲਡ ਟਰੰਪ ਹਨ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਖ਼ੁਦ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਸਕਦੇ ਹਨ। ਟਰੰਪ ਵਾਂਗ ਰਾਮਦੇਵ ਕੋਲ ਵੀ ਕਰੋੜਾਂ ਦਾ ਸਾਮਰਾਜ ਹੈ। ਟਰੰਪ ਵਾਂਗੂ ਰਾਮਦੇਵ ਵੀ ਬਹੁਤ ਵੱਡੀ ਟੈਲੀਵਿਜ਼ਨ ਹਸਤੀ ਹੈ। ਇਸੇ ਸਾਲ ਰਾਮਦੇਵ ਨੇ ਆਟਾ ਨੂਡਲ, ਹਰਬਲ ਦਵਾਈਆਂ, ਗਊਮੂਤਰ ਨਾਲ ਬਣੇ ਫਲੋਰ ਕਲੀਨਰ ਤੋਂ ਬਾਅਦ ਵਿਦੇਸ਼ੀ ਸਿਮ ਕਾਰਡ ਲਿਆਉਣ ਦਾ ਐਲਾਨ ਕੀਤਾ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਮਦੇਵ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੱਧ ਸ਼ਕਤੀਸ਼ਾਲੀ ਹਨ।

ਮੋਦੀ ਦੇ ਕਰੀਬੀ ਦੋਸਤ-

ਅਖ਼ਬਾਰ ਨੇ ਇਹ ਵੀ ਲਿਖਿਆ ਹੈ ਕਿ ਰਾਮਦੇਵ ਨੇ ਸਾਲ 2014 ਵਿੱਚ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਵਾਉਣ ਲਈ ਅੰਦੋਲਨ ਚਲਾਇਆ ਸੀ। ਉਨ੍ਹਾਂ ਕਈ ਮੌਕਿਆਂ 'ਤੇ ਪੀਐਮ ਮੋਦੀ ਨਾਲ ਸਟੇਜ ਵੀ ਸਾਂਝੀ ਕੀਤੀ। ਰਾਮਦੇਵ ਨੇ ਪੀਐਮ ਮੋਦੀ ਨੂੰ ਕਰੀਬੀ ਦੋਸਤ ਦੱਸਿਆ ਸੀ ਤੇ ਪ੍ਰਧਾਨ ਮੰਤਰੀ ਮੋਦੀ ਵੀ ਪਤੰਜਲੀ ਦੇ ਉਤਪਾਦਾਂ ਦੀ ਸ਼ਲਾਘਾ ਕਰ ਚੁੱਕੇ ਹਨ।

ਬਾਬਾ ਰਾਮਦੇਵ ਇੱਕ ਅਧਿਆਤਮਕ ਤੇ ਯੋਗ ਗੁਰੂ ਤੋਂ ਵੀ ਕਿਤੇ ਉੱਪਰ ਹਨ। ਰਾਮਦੇਵ ਦੇ ਸਾਮਰਾਜ ਦਾ ਕੇਂਦਰ ਹਰਿਦੁਆਰ ਹੈ। ਹਿੰਦੂਆਂ ਲਈ ਇਹ ਤੀਰਥ ਸਥਾਨ ਹੈ ਤੇ ਇੱਥੇ ਹੀ ਪਤੰਜਲੀ ਦਾ ਮੁੱਖ ਦਫ਼ਤਰ ਹੈ, ਜੋ ਕਿਸੇ ਏਅਰਪੋਰਟ ਤੋਂ ਘੱਟ ਨਹੀਂ। ਰਿਪੋਰਟ ਮੁਤਾਬਕ ਪਿਛਲੇ ਦਸ ਸਾਲਾਂ ਵਿੱਚ ਪਤੰਜਲੀ ਨੇ ਕੁੱਲ 1.6 ਅਰਬ ਡਾਲਰ ਦਾ ਕਾਰੋਬਾਰ ਕੀਤਾ ਹੈ ਤੇ ਸਾਲ 2025 ਤਕ ਰਾਮਦੇਵ ਦਾ ਟੀਚਾ 15 ਅਰਬ ਡਾਲਰ ਤਕ ਲਿਜਾਣ ਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪਤੰਜਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ।