ਨਿਊਯਾਰਕ: ਅਮਰੀਕਾ ਦੇ ਨਿਊਯਾਰਕ 'ਚ ਜੀਸਸ ਕ੍ਰਾਇਸਟ ਦੀ ਕਈ ਸਦੀਆਂ ਪੁਰਾਣੀ ਪੇਂਟਿੰਗ ਨੂੰ ਕਰੀਬ 2940 ਕਰੋੜ ਰੁਪਏ 'ਚ ਖਰੀਦਿਆ ਗਿਆ ਹੈ। ਈਸਾ ਮਸੀਹ ਦੀ ਇਸ 500 ਸਾਲ ਪੁਰਾਣੀ ਪੇਂਟਿੰਗ ਦਾ ਨਾਂ ਸਲਵਾਡੋਰ ਮੁੰਡੀ (ਦੁਨੀਆ ਨੂੰ ਬਚਾਉਣ ਵਾਲੇ) ਹੈ। ਇਸ ਪੇਂਟਿੰਗ ਨੂੰ ਲਿਓਨਾਰਦੋ ਦ ਵਿੰਚੀ ਨੇ ਬਣਾਇਆ ਸੀ। ਇਸ ਪੇਂਟਿੰਗ ਦੀ ਨੀਮਾਲੀ ਨੇ ਦੁਨੀਆ 'ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਂਟਿੰਗ ਦਾ ਰਿਕਾਰਡ ਬਣਾ ਦਿੱਤਾ ਹੈ। ਮਸ਼ਹੂਰ ਕਲਾਕਾਰ ਲਿਓਨਾਰਦੋ ਦ ਵਿੰਚੀ ਨੇ ਸਾਲ 1519 'ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਦੁਨੀਆ 'ਚ ਇਸ ਵੇਲੇ ਉਨ੍ਹਾਂ ਦੀਆਂ 20 ਤੋਂ ਵੀ ਘੱਟ ਪੇਂਟਿੰਗ ਮੌਜੂਦ ਹਨ। ਨਿਊਯਾਰਕ 'ਚ ਨੀਲਾਮੀ ਦੌਰਾਨ ਖਰੀਦਦਾਰ ਨੇ 20 ਮਿੰਟ ਤੱਕ ਟੈਲੀਫੋਨ 'ਤੇ ਇਸ ਪੇਂਟਿੰਗ ਲਈ 40 ਕਰੋੜ ਡਾਲਰ ਦੀ ਬੋਲੀ ਲਾਈ। ਹਾਲਾਂਕਿ ਬੋਲੀ ਲਾਉਣ ਵਾਲੇ ਦੀ ਪਛਾਣ ਗੁਪਤ ਰੱਖੀ ਗਈ ਹੈ। ਫੀਸ ਦੇ ਨਾਲ ਇਸ ਦੀ ਕੀਮਤ 45 ਕਰੋੜ ਡਾਲਰ ਹੋ ਗਈ। ਕਦੇ ਇਸ ਪੇਂਟਿੰਗ ਨੂੰ ਸਿਰਫ 60 ਡਾਲਰ 'ਚ ਨੀਲਾਮ ਕੀਤਾ ਗਿਆ ਸੀ। ਉਸ ਵੇਲੇ ਇਹ ਮੰਨਿਆ ਜਾ ਰਿਹਾ ਸੀ ਕਿ ਇਹ ਪੇਂਟਿੰਗ ਦਾ ਵਿੰਚੀ ਦੇ ਕਿਸੇ ਚੇਲੇ ਨੇ ਬਣਾਈ ਹੈ।