ਰੂਸ ਦਾ ਯੂਕਰੇਨ 'ਚ ਯਾਤਰੀ ਟਰੇਨ ‘ਤੇ ਡਰੋਨ ਹਮਲਾ; ਬੋਗੀਆਂ ਦੇ ਉੱਡੇ ਪਰਖੱਚੇ, ਦਰਜਨਾਂ ਲੋਕ ਜ਼ਖਮੀ
ਰੂਸ ਨੇ ਯੂਕਰੇਨ ਦੇ ਖਾਰਕੀਵ-ਪੋਲਟਾਵਾ ਖੇਤਰ ਵਿੱਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਗੈਸ ਉਤਪਾਦਨ ਇਕਾਈ ਨੈਫਟੋਗਾਜ (Naftogaz) 'ਤੇ ਮਿਸਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਉੱਤਰੀ ਸੁਮੀ ਖੇਤਰ ਦੇ ਸ਼ੋਸਤਕਾ ਰੇਲਵੇ ਸਟੇਸ਼ਨ 'ਤੇ ਡਰੋਨ ਹਮਲਾ ਕੀਤਾ

ਰੂਸ ਨੇ ਯੂਕਰੇਨ ਦੇ ਖਾਰਕੀਵ-ਪੋਲਟਾਵਾ ਖੇਤਰ ਵਿੱਚ ਸਥਿਤ ਦੇਸ਼ ਦੀ ਸਭ ਤੋਂ ਵੱਡੀ ਗੈਸ ਉਤਪਾਦਨ ਇਕਾਈ ਨੈਫਟੋਗਾਜ (Naftogaz) 'ਤੇ ਮਿਸਾਈਲ ਅਤੇ ਡਰੋਨ ਹਮਲੇ ਕਰਨ ਤੋਂ ਬਾਅਦ ਉੱਤਰੀ ਸੁਮੀ ਖੇਤਰ ਦੇ ਸ਼ੋਸਤਕਾ ਰੇਲਵੇ ਸਟੇਸ਼ਨ 'ਤੇ ਡਰੋਨ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ 30 ਲੋਕ ਜ਼ਖਮੀ ਹੋਏ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ "ਨਿਰਦਯ ਅਤੇ ਦਹਿਸ਼ਤਗਰਦੀ" ਦੱਸਿਆ ਅਤੇ ਕਿਹਾ ਕਿ ਇਹ ਹਮਲਾ ਸਿੱਧਾ ਯਾਤਰੀ ਟਰੇਨ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ।
ਰਾਸ਼ਟਰਪਤੀ ਜੇਲੇਨਸਕੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ’ਤੇ ਵੀਡੀਓ ਪੋਸਟ ਕੀਤੀ, ਜਿਸ ਵਿੱਚ ਅੱਗ ਦੇ ਨਾਲ ਸੜਦੀਆਂ ਹੋਈਆਂ ਬੋਗੀਆਂ ਅਤੇ ਖਿੜਕੀਆਂ ਦੇ ਉੱਡੇ ਹੋਏ ਪਰਖੱਚੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿੱਚ ਕਈ ਰੇਲਕਰਮੀ ਵੀ ਗੰਭੀਰ ਤੌਰ ’ਤੇ ਜ਼ਖਮੀ ਹੋਏ ਅਤੇ ਦੁਨੀਆ ਨੂੰ ਇਸਨੂੰ ਨਜ਼ਰਅੰਦਾਜ਼ ਕਰਨ ਦਾ ਹੱਕ ਨਹੀਂ ਹੈ।
ਖੇਤਰੀ ਗਵਰਨਰ ਓਲੇਹ ਹ੍ਰੀਹੋਰੋਵ ਨੇ ਦੱਸਿਆ ਕਿ ਰੂਸ ਦੇ ਡਰੋਨ ਨੇ ਸ਼ੋਸਤਕਾ ਤੋਂ ਕੀਵ ਵੱਲ ਜਾ ਰਹੀ ਟਰੇਨ ਨੂੰ ਨਿਸ਼ਾਨਾ ਬਣਾਇਆ। ਸਥਾਨਕ ਪ੍ਰਸ਼ਾਸਨ ਮੁਖੀ ਓਕਸਾਨਾ ਤਰਾਸਿਯੁਕ ਨੇ ਕਿਹਾ ਕਿ ਡਾਕਟਰਾਂ ਅਤੇ ਬਚਾਅ ਟੀਮ ਤੁਰੰਤ ਘਟਨਾ ਸਥਲ ਤੇ ਪਹੁੰਚੇ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ।
50,000 ਘਰਾਂ ਵਿੱਚ ਬਿਜਲੀ ਸਪਲਾਈ ਠੱਪ
ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੀ ਪਾਵਰ ਗ੍ਰਿਡ ਅਤੇ ਕੁਦਰਤੀ ਗੈਸ ਸਥਾਪਨਾਵਾਂ 'ਤੇ ਵੀ ਹਮਲੇ ਕੀਤੇ ਸਨ। ਰੂਸੀ ਡਰੋਨ ਅਤੇ ਮਿਸਾਈਲ ਹਮਲਿਆਂ ਕਾਰਨ ਲਗਭਗ 50,000 ਘਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਖੇਤਰੀ ਸੰਚਾਲਕ ਚੇਰਨਿਹਿਵੋਬਲੇਨਰਗੋ ਨੇ ਦੱਸਿਆ ਕਿ ਉੱਤਰੀ ਸ਼ਹਿਰ ਚੇਰਨਿਹਿਵ ਦੇ ਨੇੜੇ ਊਰਜਾ ਸਹੂਲਤਾਂ ਖ਼ਰਾਬ ਹੋ ਗਈਆਂ ਅਤੇ ਕਈ ਥਾਵਾਂ ਤੇ ਅੱਗ ਲੱਗ ਗਈ। ਯੂਕਰੇਨ ਦੀ ਫੌਜ ਨੇ ਵੀ ਰੂਸ ਵੱਲੋਂ ਉੱਤਰੀ-ਪੱਛਮੀ ਲੇਨਿਨਗ੍ਰਾਦ ਖੇਤਰ ਵਿੱਚ ਇੱਕ ਪ੍ਰਮੁੱਖ ਤੇਲ ਰੀਫਾਈਨਰੀ 'ਤੇ ਹਮਲੇ ਦਾ ਦਾਅਵਾ ਕੀਤਾ ਹੈ।
ਇਸ ਹਮਲੇ ਕਾਰਨ ਨਾਗਰਿਕਾਂ ਅਤੇ ਬੁਨਿਆਦੀ ਸੇਵਾਵਾਂ 'ਤੇ ਗੰਭੀਰ ਪ੍ਰਭਾਵ ਪਿਆ ਹੈ। ਰੂਸ ਦੇ ਲਗਾਤਾਰ ਹਮਲੇ ਯੂਕਰੇਨ ਦੀ ਬੁਨਿਆਦੀ ਸੁਵਿਧਾਵਾਂ ਅਤੇ ਨਾਗਰਿਕ ਜੀਵਨ ਨੂੰ ਨਿਸ਼ਾਨਾ ਬਣਾ ਰਹੇ ਹਨ, ਅਤੇ ਇਸ ਨਾਲ ਯੂਰਪ ਵਿੱਚ ਸੁਰੱਖਿਆ ਅਤੇ ਊਰਜਾ ਸੰਕਟ ਬਾਰੇ ਚਿੰਤਾਵਾਂ ਵਧ ਗਈਆਂ ਹਨ।
A savage Russian drone strike on the railway station in Shostka, Sumy region. All emergency services are already on the scene and have begun helping people. All information about the injured is being established. So far, we know of at least 30 victims. Preliminary reports… pic.twitter.com/ZZoWfPmpL5
— Volodymyr Zelenskyy / Володимир Зеленський (@ZelenskyyUa) October 4, 2025






















