Russia Ukraine War: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੌਰੇ 'ਤੇ ਹਨ। ਇਸ ਦੇ ਨਾਲ ਹੀ ਅਮਰੀਕਾ 'ਚ ਨਾਟੋ ਦੀ ਬੈਠਕ ਚੱਲ ਰਹੀ ਹੈ। ਅਜਿਹੇ 'ਚ ਰੂਸ ਨੇ ਯੂਕਰੇਨ ਦੇ ਪੰਜ ਸ਼ਹਿਰਾਂ 'ਤੇ 40 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਹਨ। ਇਸ ਕਾਰਨ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ਲੈਂਸਕੀ ਨੇ ਇਸ ਦੀ ਪੁਸ਼ਟੀ ਕੀਤੀ ਹੈ। 


ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਰੂਸ ਨੇ ਪਿਛਲੇ 24 ਘੰਟਿਆਂ 'ਚ ਯੂਕਰੇਨ 'ਤੇ 55 ਹੋਰ ਹਵਾਈ ਹਮਲੇ ਕੀਤੇ ਹਨ ਜਿਸ 'ਚ ਘੱਟੋ-ਘੱਟ 11 ਲੋਕਾਂ ਦੀ ਜਾਨ ਚਲੀ ਗਈ ਤੇ 40 ਤੋਂ ਜ਼ਿਆਦਾ ਜ਼ਖਮੀ ਹੋ ਗਏ। ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਇਹ ਜੰਗ ਰੁਕਣ ਦੇ ਕੋਈ ਸੰਕੇਤ ਨਹੀਂ ਦੇ ਰਹੀ। ਦੁਨੀਆ ਭਰ ਦੇ ਦੇਸ਼ ਇਸ ਜੰਗ ਨੂੰ ਰੋਕਣ ਲਈ ਲਗਾਤਾਰ ਯਤਨ ਕਰ ਰਹੇ ਹਨ।


ਯੂਕਰੇਨ ਨੇ 27 ਡ੍ਰੋਨਾਂ ਨਾਲ ਹਮਲਾ ਕੀਤਾ
ਉਧਰ, ਬਦਲਾ ਲੈਣ ਲਈ ਦੋਵੇਂ ਦੇਸ਼ ਇੱਕ ਦੂਜੇ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਯੂਕਰੇਨ ਦੇ ਜਨਰਲ ਸਟਾਫ ਨੇ ਦੱਸਿਆ ਕਿ ਸ਼ਨੀਵਾਰ ਨੂੰ ਯੂਕਰੇਨ ਤੇ ਰੂਸ ਦੀਆਂ ਫੌਜਾਂ ਵਿਚਾਲੇ 45 ਝੜਪਾਂ ਹੋਈਆਂ। ਰੂਸੀ ਸੈਨਿਕਾਂ ਨੂੰ ਇੱਥੇ ਡ੍ਰੋਨ ਨਾਲ ਪਾਣੀ ਦੇ ਟੈਂਕਾਂ 'ਤੇ ਹਮਲਾ ਕਰਦੇ ਦੇਖਿਆ ਗਿਆ। 


ਯੂਕਰੇਨ ਨੇ ਕਿਹਾ ਕਿ ਉਸ ਨੇ 27 ਵਿੱਚੋਂ 24 ਰੂਸੀ ਡ੍ਰੋਨਾਂ ਨੂੰ ਡੇਗ ਦਿੱਤਾ। ਦੇਸ਼ ਵਿੱਚ ਸਭ ਤੋਂ ਵੱਧ ਨੁਕਸਾਨ ਪੂਰਬੀ ਖੇਤਰਾਂ ਵਿੱਚ ਹੋਇਆ ਹੈ। ਇਸ ਦੇ ਨਾਲ ਹੀ ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਪੂਰਬੀ ਯੂਕਰੇਨ ਵਿੱਚ 30 ਕਿਲੋਮੀਟਰ ਤੱਕ ਕਬਜ਼ਾ ਕਰ ਲਿਆ ਹੈ।


ਕਿੰਜਲ 'ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ
ਇਸ ਦੇ ਨਾਲ ਹੀ ਯੂਕਰੇਨੀ ਹਵਾਈ ਸੈਨਾ ਨੇ ਕਿਹਾ ਕਿ ਰੂਸੀ ਫੌਜ ਨੇ ਸੋਮਵਾਰ ਨੂੰ ਯੂਕਰੇਨ ਦੇ ਟਿਕਾਣਿਆਂ 'ਤੇ ਕਈ ਬੈਲਿਸਟਿਕ ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਰਾਜਧਾਨੀ ਕੀਵ ਵਿੱਚ ਧਮਾਕੇ ਮਹਿਸੂਸ ਕੀਤੇ ਗਏ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ। 


ਹਾਲਾਂਕਿ ਇਸ ਹਮਲੇ 'ਚ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਹਵਾਈ ਸੈਨਾ ਨੇ ਕਿਹਾ ਕਿ ਇਸ ਹਮਲੇ ਵਿੱਚ ਕਿੰਜਲ ਹਾਈਪਰਸੋਨਿਕ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ, ਜੋ ਕਿ ਰੂਸ ਦੇ ਸਭ ਤੋਂ ਸ਼ਕਤੀਸ਼ਾਲੀ ਹਥਿਆਰਾਂ ਵਿੱਚੋਂ ਇੱਕ ਹੈ। ਕਿੰਜਲ ਆਵਾਜ਼ ਦੀ ਗਤੀ ਤੋਂ 10 ਗੁਣਾ ਤੇਜ਼ ਰਫਤਾਰ ਨਾਲ ਉੱਡਦੀ ਹੈ, ਜਿਸ ਕਾਰਨ ਉਸ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ।