Ukraine-Russia Update : ਰੂਸ ਤੇ ਯੂਕਰੇਨ 'ਚ ਚਲ ਰਹੀ ਜੰਗ ਦਾ ਅੱਜ ਪੰਜਵਾਂ ਦਿਨ ਹੈ। ਸਵੇਰੇ ਤੋਂ ਹੀ ਕੀਵ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਰੂਸੀ ਹਮਲੇ ਜਾਰੀ ਹਨ। ਮਿਲੀ ਜਾਣਕਾਰੀ ਮੁਤਾਬਕ ਰੂਸੀ ਫੌਜੀ ਪੂਰੇ ਬਲ ਨਾਲ ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵਿਚਾਲੇ ਬ੍ਰਿਟਿਸ਼ ਅਖਬਾਰ ਦਿ ਟਾਈਮਜ਼ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਰੂਸ, ਯੂਕਰੇਨ ਦੇ ਰਾਸ਼ਟਰਪਤੀ ਦੀ ਹੱਤਿਆ ਕਰਨ ਦੀ ਫਿਰਾਕ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਧਾਨੀ ਕੀਵ 'ਚ 400 ਰੂਸੀ ਹਥਿਆਰੇ ਮੌਜੂਦ ਹਨ ਤੇ ਉਹ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਹੱਤਿਆ ਕਰਨ ਲਈ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਰੂਸ ਦਾ ਹਮਲਾ ਲਗਾਤਾਰ ਯੂਕਰੇਨ 'ਚ ਵਧਦਾ ਜਾ ਰਿਹਾ ਹੈ। ਰੂਸੀ ਫੌਜ ਨੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੇ ਮੁੱਖ ਸ਼ਹਿਰਾਂ 'ਚ ਕਰੂਜ਼ ਮਿਜ਼ਾਇਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ।
ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਪਰ ਯੂਕਰੇਨ ਰੂਸ ਸਾਹਮਣੇ ਝੁਕਣ ਨੂੰ ਤਿਆਰ ਨਹੀਂ ਹੈ। ਇਸ ਦੌਰਾਨ ਯੂਕਰੇਨ ਦੀ ਫੌਜ ਨੇ ਡ੍ਰੋਨ ਨਾਲ ਰੂਸ ਦਾ ਮਿਜ਼ਾਇਲ ਸਿਸਟਮ ਉਡਾ ਦਿੱਤਾ ਹੈ।
ਯੂਕਰੇਨ ਨੇ ਸਾਫ ਕਰ ਦਿੱਤਾ ਹੈ ਕਿ ਭਾਵੇਂ ਰੂਸ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ ਪਰ ਯੂਕਰੇਨ ਨਾ ਤਾਂ ਆਤਮ ਸਮਰਪਣ ਕਰੇਗਾ ਅਤੇ ਨਾ ਹੀ ਆਪਣੀ ਜ਼ਮੀਨ ਦਾ ਇਕ ਇੰਚ ਵੀ ਛੱਡੇਗਾ। ਇਸ ਦੇ ਨਾਲ ਹੀ ਯੂਕਰੇਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਦੁਨੀਆ 'ਚ ਤਬਾਹੀ ਮਚ ਜਾਵੇਗੀ।
ਐਤਵਾਰ ਨੂੰ ਯੂਕਰੇਨ ਦੇ ਵਿਦੇਸ਼ ਮੰਤਰੀ, ਡਾਇਮੇਟਰੋ ਕੁਲੇਬਾ ਨੇ ਇੱਕ ਅੰਤਰਰਾਸ਼ਟਰੀ ਪ੍ਰੈਸ ਕਾਨਫਰੰਸ ਨੂੰ ਆਨਲਾਈਨ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕਿਹਾ ਕਿ ਭਾਵੇਂ ਰੂਸ ਨੇ ਪੂਰੀ ਤਾਕਤ ਨਾਲ ਯੂਕਰੇਨ 'ਤੇ ਹਮਲਾ ਕੀਤਾ ਹੈ ਪਰ ਰੂਸ ਕੋਈ ਵੀ ਰਣਨੀਤਕ ਟੀਚਾ ਹਾਸਲ ਨਹੀਂ ਕਰ ਸਕਿਆ ਹੈ।