ਇਸਲਾਮਾਬਾਦ: ਚੁਫੇਰਿਓਂ ਘਿਰੇ ਪਾਕਿਸਤਾਨ ਦੀ ਸਾਊਦੀ ਅਰਬ ਨੇ ਬਾਂਹ ਫੜੀ ਹੈ। ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 20 ਅਰਬ ਡਾਲਰ ਦੇ ਸਮਝੌਤੇ ਕੀਤੇ ਹਨ। ਉਨ੍ਹਾਂ ਪਾਕਿਸਤਾਨ ਦੇ ਆਰਥਿਕ ਭਵਿੱਖ ’ਤੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਨਾਲ ਵੱਖ-ਵੱਖ ਖੇਤਰਾਂ ਵਿੱਚ ਇਸਲਾਮਾਬਾਦ ਨਾਲ ਸਾਂਝੇਦਾਰੀ ਦੀ ਉਡੀਕ ਕਰ ਰਿਹਾ ਸੀ।


‘ਡਾਅਨ’ ਦੀ ਖ਼ਬਰ ਮੁਤਾਬਕ ਕ੍ਰਾਊਨ ਪ੍ਰਿੰਸ ਨੇ ਇੱਥੇ ਪੁੱਜਣ ਬਾਅਦ ਐਤਵਾਰ ਰਾਤ ਪ੍ਰਧਾਨ ਮੰਤਰੀ ਨਿਵਾਸ ’ਤੇ ਰਾਤ ਦੇ ਖਾਣੇ ਵੇਲੇ ਸੰਬੋਧਨ ਕੀਤਾ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਰੇ ਸਾਊਦੀ ਲੋਕਾਂ ਦਾ ‘ਮਨਪਸੰਦੀਦਾ’ ਦੇਸ਼ ਰਿਹਾ ਹੈ ਤੇ ਦੋਵੇਂ ਔਖੇ-ਸੌਖੇ ਸਮੇਂ ਵਿੱਚ ਇਕੱਠੇ ਚੱਲੇ ਹਨ।

ਕ੍ਰਾਊਨ ਪ੍ਰਿੰਸ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਕਿਸਤਾਨ ਆਉਣ ਵਾਲੇ ਭਵਿੱਖ ਵਿੱਚ ਮਹੱਤਵਪੂਰਨ ਦੇਸ਼ ਬਣਨ ਜਾ ਰਿਹਾ ਹੈ ਤੇ ਉਹ ਯਕੀਨੀ ਬਣਾਉਣਾ ਚਾਹੁੰਦੇ ਹਨ ਉਹ ਉਨ੍ਹਾਂ ਦਾ ਹਿੱਸਾ ਹੋਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਇੱਕ ਮਹਾਨ ਅਗਵਾਈ ਹੈ ਜਿਸ ਵਿੱਚ ਉਸ ਦਾ ਭਵਿੱਖ ਵੀ ਮਹਾਨ ਹੀ ਹੋਏਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਆਰਥਿਕ, ਸਿਆਸੀ ਤੇ ਸੁਰੱਖਿਆ ਖੇਤਰਾਂ ਵਿੱਚ ਪਾਕਿਸਤਾਨ ਦਾ ਸਹਿਯੋਗ ਕਰੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਖੇਤਰ ’ਤੇ ਯਕੀਨ ਹੈ ਇਸੇ ਲਈ ਉਹ ਇੱਥੇ ਨਿਵੇਸ਼ ਕਰ ਰਹੇ ਹਨ।

20 ਅਰਬ ਡਾਲਰ ਦੇ ਇਸ ਸਮਝੌਤੇ ਵਿੱਚ ਰਿਫਾਈਨਿੰਗ ਤੇ ਪੈਟਰੋਕੈਮੀਕਲ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦੀ ਖੋਜ, ਖੇਡ ਦੇ ਖੇਤਰ ਵਿੱਚ ਸਹਿਯੋਗ, ਸਾਊਦੀ ਮਾਲ ਦੀ ਦਰਾਮਦ ਲਈ ਵਿੱਤਪੋਸ਼ਣ ਸਮਝੌਤਾ, ਬਿਜਲੀ ਉਤਪਾਦਨ ਦੀਆਂ ਯੋਜਨਾਵਾਂ ਅਤੇ ਊਰਜਾ ਯੋਜਨਾਵਾਂ ਦਾ ਵਿਕਾਸ਼ ਸ਼ਾਮਲ ਹੈ।

ਇਸੇ ਦੌਰਾਨ ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਸਾਊਦੀ ਅਰਬ ਹਮੇਸ਼ਾ ਪਾਕਿਸਤਾਨ ਦਾ ਦੋਸਤ ਰਿਹਾ ਹੈ। ਉਨ੍ਹਾਂ ਨੇ ਰਿਆਧ ਨੂੰ ਚੀਨ-ਪਾਕਿਸਤਾਨ ਆਰਥਕ ਗਿਲਆਰੇ ਤੇ ਬੀਜਿੰਗ ਨਾਲ ਪਾਕਿਸਤਾਨ ਦੇ ਕਰੀਬੀ ਸਬੰਧਾਂ ਤੋਂ ਲਾਹਾ ਲੈਣ ਲਈ ਵੀ ਸੱਦਾ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨ ਤੋਂ ਬਾਅਦ ਮੁਹੰਮਦ ਬਿਨ ਸਲਮਾਨ ਭਾਰਤ ਆਉਣਗੇ ਤੇ ਪੀਐਮ ਮੋਦੀ ਨਾਲ ਮੁਲਾਕਾਤ ਕਰਨਗੇ।