ਦੱਸਣਯੋਗ ਹੈ ਕਿ 6 ਨੌਜਵਾਨਾਂ ਨੇ 3 ਅਪਰੈਲ ਨੂੰ ਕੈਨੇਡਾ ਦੇ ਸ਼ਹਿਰ ਸਰੀ ਤੋਂ ਇਹ ਮੋਟਰਸਾਈਕਲ ਯਾਤਰਾ ਆਰੰਭ ਕੀਤੀ ਸੀ, ਜੋ ਵੱਖ-ਵੱਖ ਦੇਸ਼ਾਂ ਤੋਂ ਹੁੰਦੀ ਹੋਈ 11 ਮਈ ਨੂੰ ਸਵੇਰੇ 10:00 ਵਜੇ ਪਾਕਿਸਤਾਨ ਤੋਂ ਵਾਹਗਾ ਅਟਾਰੀ ਸਰਹੱਦ ਰਸਤੇ ਪੰਜਾਬ ਪੁੱਜੇਗੀ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੇ ਅਧਿਕਾਰੀਆਂ ਵੱਲੋਂ ਯਾਤਰਾ ਦੇ ਨੌਜਵਾਨਾਂ ਨੂੰ ਜੀ-ਆਇਆਂ ਆਖਿਆ ਜਾਵੇਗਾ। ਕਮੇਟੀ ਵੱਲੋਂ ਇਨ੍ਹਾਂ ਨੌਜਵਾਨਾਂ ਦਾ ਅਟਾਰੀ ਸਰਹੱਦ ਵਿਖੇ ਸਵਾਗਤ ਹੋਵੇਗਾ, ਜਿਸ ਮਗਰੋਂ ਕਾਫਲੇ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਵਿਖੇ ਯਾਤਰਾ ਪੁੱਜੇਗੀ।
ਇੱਥੇ ਮੋਟਰਸਾਈਕਲ ਯਾਤਰਾ ਕਰਨ ਵਾਲੇ ਨੌਜਵਾਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਜਾਵੇਗਾ। ਡਾ. ਰੂਪ ਸਿੰਘ ਨੇ ਇਹ ਵੀ ਦੱਸਿਆ ਕਿ 12 ਮਈ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਯਾਤਰਾ ਦੀ ਸਮਾਪਤੀ ਮੌਕੇ ਵੀ ਯਾਤਰਾ ਕਰਨ ਵਾਲੇ ਨੌਜੁਆਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।