ਲੰਡਨ: ਬ੍ਰਿਟੇਨ ਦੇ ਡਰਬੀ ਵਿੱਚ 75 ਸਾਲਾ ਭਾਰਤੀ ਮੂਲ ਦੇ ਸਿੱਖ ਨੇ ਦੁਨੀਆ ਦਾ ਸਭ ਤੋਂ ਵੱਡਾ ਖੀਰਾ ਉਗਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ। ਰਘਬੀਰ ਸਿੰਘ ਸੰਘੇੜਾ ਨੇ ਆਪਣੇ ਗ੍ਰੀਨ ਹਾਊਸ ਵਿੱਚ 129 ਸੈਂਟੀਮੀਟਰ (51 ਇੰਚ) ਦਾ ਖੀਰਾ ਉਗਾ ਵਿਖਾਇਆ ਹੈ।


ਸੰਘੇੜਾ ਨੇ ਦੱਸਿਆ ਕਿ 1991 ਵਿੱਚ ਬਰਤਾਨੀਆ ਆਉਣ ਤੋਂ ਪਹਿਲਾਂ ਭਾਰਤ ਵਿੱਚ ਖੇਤੀ ਕਰਦੇ ਸਨ। ਇੱਥੇ ਉਹ ਡਰਬੀ ਦੇ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਕੰਮ ਕਰ ਰਹੇ ਹਨ। ਬਾਗ਼ਬਾਨੀ ਦਾ ਸ਼ੌਕ ਰੱਖਣ ਵਾਲੇ ਸੰਘੇੜਾ ਨੇ ਕਿਹਾ ਕਿ ਖੀਰੇ ਦਾ ਆਕਾਰ ਹਾਲੇ ਵੀ ਵਧ ਰਿਹਾ ਹੈ। ਬੀਸੀਸੀ ਅਨੁਸਾਰ ਵੇਲਜ਼ ਵਿੱਚ 2011 ਵਿੱਚ 42.13 ਇੰਚ (107 ਸੈਂਟੀਮੀਟਰ) ਦੇ ਖੀਰੇ ਦੇ ਨਾਂ ਗਿੰਨੀਜ਼ ਵਰਲਡ ਰਿਕਾਰਡ ਹੈ।

ਉਨ੍ਹਾਂ ਕਿਹਾ, ‘‘ਮੈਂ ਕੋਲ ਬੈਠ ਕੇ ਇਸ ਨੂੰ ਗਹੁ ਨਾਲ ਦੇਖਦਾ ਰਹਿੰਦਾ ਸੀ। ਮੈਂ ਅਰਦਾਸ ਕਰਦਾ ਸੀ ਕਿ ਇਹ ਹਰ ਰੋਜ਼ ਵਧਦਾ ਰਹੇ ਤੇ ਠੀਕ ਰਹੇ।’’ ਸੰਘੇੜਾ ਸੋਚ ਰਹੇ ਹਨ ਕਿ ਜਦੋਂ ਇਸ ਖੀਰੇ ਦਾ ਆਕਾਰ ਵਧਣਾ ਰੁਕ ਜਾਵੇਗਾ ਤਾਂ ਉਹ ਗਿੰਨੀਜ਼ ਬੁੱਕ ਰਿਕਾਰਡ ਲਈ ਇਸ ਨੂੰ ਪੇਸ਼ ਕਰਨਗੇ।