Sikh Man Dunedin death ਔਕਲੈਂਡ : ਲਗਭਗ 8 ਸਾਲ ਪਹਿਲਾਂ ਆਪਣੀ ਜ਼ਿੰਦਗੀ ਦੇ ਸੁਪਨੇ ਸਾਕਾਰ ਕਰਨ ਨਿਊਜ਼ੀਲੈਂਡ ਆਏ ਇਕ 27 ਸਾਲਾ ਅੰਮ੍ਰਿਤਧਾਰੀ ਤੇ ਕੀਰਤਨਕਾਰ ਪੰਜਾਬੀ ਨੌਜਵਾਨ ਗੁਰਜੀਤ ਸਿੰਘ ਮੱਲ੍ਹੀ ਦੀ ਲਾਸ਼ ਅੱਜ ਡੁਨੀਡਨ (ਦੱਖਣੀ ਟਾਪੂ ਦਾ ਇਕ ਸ਼ਹਿਰ) ਵਿਖੇ ਪਾਈਨ ਹਿੱਲ ਨਾਂਅ ਦੇ ਇਲਾਕੇ ਵਿਚ ਇਕ ਘਰ ਦੀ ਖਿੜਕੀ ਦੇ ਬਾਹਰਵਾਰ ਖੂਨ ਨਾਲ ਲੱਥਪੱਥ ਹੋਈ ਮਿਲੀ ਹੈ।
ਇੰਡੀਆ ਤੋਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਇਹ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਉਨ੍ਹਾਂ ਦੇ ਘਰ ਰਾਤ ਦਾ ਖਾਣਾ ਖਾ ਕੇ ਵਾਪਿਸ ਆਇਆ ਸੀ। ਉਸ ਦੀ ਪਤਨੀ ਇੰਡੀਆ ਤੋਂ ਫੋਨ ਕਰ ਰਹੀ ਤਾਂ ਕੋਈ ਉਤਰ ਨਹੀਂ ਸੀ ਮਿਲ ਰਿਹਾ। ਉਸਨੇ ਉਸਦੇ ਇਕ ਦੋਸਤ ਨੂੰ ਫੋਨ ਕੀਤਾ ਕਿ ਪਤਾ ਕਰਕੇ ਦੱਸੋ ਕਿ ਗੁਰਜੀਤ ਸਿੰਘ ਫੋਨ ਨਹੀਂ ਚੁੱਕ ਰਿਹਾ।
ਉਸਦਾ ਦੋਸਤ ਜੋ ਕੰਮ ਉਤੇ ਸੀ ਉਸਨੇ ਆਪਣੇ ਦੂਜੇ ਸਾਥੀ ਨੂੰ ਕਿਹਾ ਕਿ ਪਤਾ ਕਰਕੇ ਆ ਕਿ ਗੁਰਜੀਤ ਸਿੰਘ ਫੋਨ ਕਿਉਂ ਨਹੀਂ ਚੁੱਕਦਾ। ਜਦ ਉਸ ਦੋਸਤ ਨੇ ਆ ਕੇ ਵੇਖਿਆ ਤਾਂ ਗੁਰਜੀਤ ਸਿੰਘ ਖੂਨ ਨਾਲ ਲੱਥ ਪਿਆ ਸੀ। ਪੁਲਿਸ ਨੂੰ ਉਸਨੇ ਫੋਨ ਕੀਤਾ ਤਾਂ ਪੁਲਿਸ ਨੇ ਕਿਹਾ ਕਿ ਉਹ ਹਿਲਾ ਕੇ ਵੇਖੇ ਕਿ ਸਾਹ ਚੱਲ ਰਿਹਾ ਹੈ ਕਿ ਨਹੀਂ?
ਪੁਲਿਸ ਨੇ ਛਾਤੀ ਦੱਬਣ (ਸੀ.ਪੀ. ਆਰ.) ਵਾਸਤੇ ਵੀ ਕਿਹਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕੁਝ ਮਿੰਟਾਂ ਬਾਅਦ ਪੁਲਿਸ ਆ ਗਈ ਅਤੇ ਸਾਰਾ ਮਾਮਲਾ ਆਪਣੇ ਹੱਥ ਵਿਚ ਲੈ ਲਿਆ। ਉਸਦਾ ਗਲਾ ਕੱਟ ਕੇ ਹੱਤਿਆ ਕੀਤੀ ਗਈ ਲਗਦੀ ਸੀ। ਇਹ ਨੌਜਵਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪਮਾਲ ਨਾਲ ਸਬੰਧ ਰੱਖਦਾ ਸੀ। ਪਿਤਾ ਨਿਸ਼ਾਨ ਸਿੰਘ ਪਿੰਡ ਦੇ ਵੱਡੇ ਗੁਰਦੁਆਰੇ ਵਿਚ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਨ।
ਮਾਤਾ ਸਵਰਨ ਕੌਰ ਘਰਬਾਰ ਸੰਭਾਲਦੇ ਹਨ। ਇਸ ਦੀਆਂ ਦੋ ਵੱਡੀਆਂ ਭੈਣ ਅਤੇ ਇਕ ਛੋਟੀ ਭੈਣ ਸੀ ਯਾਨਿ ਕਿ ਤਿੰਨਾਂ ਭੈਣਾ ਦਾ ਇਕੋ ਭਰਾ ਸੀ। 6-7 ਕੁ ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਵੀ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਇਥੇ ਪਹੁੰਚਣ ਵਾਲੀ ਸੀ।
ਪੰਜਾਬ ਤੋਂ ਪਹਿਲਾਂ ਇਹ ਨੌਜਵਾਨ ਔਕਲੈਂਡ ਵਿਖੇ ਪੜ੍ਹਨ ਆਇਆ ਸੀ ਦੇ ਪੁੱਕੀਕੋਹੀ ਖੇਤਰ ਦੇ ਵਿਚ ਰਹਿੰਦਾ ਸੀ ਅਤੇ 2 ਕੁ ਸਾਲ ਪਹਿਲਾਂ ਡੁਨੀਡਨ ਵਿਖੇ ਚਲਾ ਗਿਆ ਸੀ। ਉਹ ਇਥੇ ਪੱਕਾ ਹੋ ਚੁੱਕਾ ਸੀ ਅਤੇ ਕੰਮਕਾਰ ਸੈਟ ਕਰ ਰਿਹਾ ਸੀ। ਇਸ ਵੇਲੇ ਉਹ ਡੁਨੀਡਨ ਸ਼ਹਿਰ (ਦੱਖਣੀ ਟਾਪੂ) ਵਿਖੇ ਕੋਰਸ ਕੰਪਨੀ (ਇੰਟਰਨੈਟ ਅਤੇ ਟੈਲੀਫੋਨ ਲਾਈਨਜ਼) ਦੇ ਵਿਚ ਕੰਮ ਕਰ ਰਿਹਾ ਸੀ। ਉਸਨੇ ਆਪਣਾ ਕਲੀਨਿੰਗ ਦਾ ਕੰਮ ਕਾਰ ਵੀ ਸ਼ੁਰੂ ਕੀਤਾ ਸੀ।
ਪਤਾ ਲੱਗਾ ਹੈ ਕਿ ਉਸਦੀ ਲਾਸ਼ ਪੋਸਟ ਮਾਰਟਮ ਵਾਸਤੇ ਭੇਜੀ ਗਈ ਹੈ। ਪੁਲਿਸ ਜਨਤਾ ਤੋਂ ਕਿਸੀ ਜਾਣਕਾਰੀ ਲਈ ਅਪੀਲ ਕਰ ਰਹੀ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ। ਘਟਨਾ ਦਾ ਪਤਾ ਲੱਗਣ ਉਤੇ ਸਵੇਰੇ 9 ਵਜੇ ਐਮਰਜੈਂਸੀ ਸੇਵਾਵਾਂ ਉਥੇ ਪਹੁੰਚ ਗਈਆਂ ਸਨ। ਕੋਰਸ ਕੰਪਨੀ ਦੀਆਂ ਵੈਨਾਂ ਵੀ ਉਥੇ ਖੜੀਆਂ ਵੇਖੀਆਂ ਗਈਆਂ। ਪੁਲਿਸ ਇਸ ਕਤਲ ਨੂੰ ਅਜੇ ਅਣਸੁਲਝਾ ਹੋਇਆ ਲੈ ਰਹੀ ਹੈ ਅਤੇ ਜਾਂਚ-ਪੜ੍ਹਤਾਲ ਜਾਰੀ ਹੈ।
ਪੁਲਿਸ ਅਜੇ ਸਪਸ਼ਟ ਨਹੀਂ ਹੈ ਕਿ ਇਹ ਕਤਲ ਹੈ ਜਾਂ ਕੁਝ ਹੋਰ। ਹਜ਼ਾਰਾਂ ਕਿਲੋਮੀਟਰ ਦੂਰ ਮਿਹਨਤ ਮੁਸ਼ੱਕਤ ਕਰਨ ਆਏ ਪ੍ਰਵਾਸੀਆਂ ਦੇ ਉਤੇ ਜ਼ੁਲਮ ਲਗਾਤਾਰ ਵਧ ਰਹੇ ਹਨ। ਇਸ ਕੇਸ ਵਿਚ ਵੀ ਬੇਦਰਦਾਂ ਨੇ ਘਿਨਾਉਣਾ ਕਾਰਾ ਕਰਕੇ ਇਸ ਨੌਜਵਾਨ ਦੀ ਜਾਨ ਲੈ ਲਈ।