Sikh Flag in USA: ਸਿੱਖਾਂ ਨੇ ਅਮਰੀਕਾ ਵਿੱਚ ਇਤਿਹਾਸ ਰਚ ਦਿੱਤਾ ਹੈ। ਬੇਸ਼ੱਕ ਭਾਰਤ ਅੰਦਰ ਵਾਹਨਾਂ ਉਪਰ ਖਾਲਸਾਈ ਨਿਸ਼ਾਨ ਲਾਉਣ ਦਾ ਕਈ ਲੋਕ ਵਿਰੋਧ ਕਰਦੇ ਪਰ ਅਮਰੀਕਾ ਦੇ ਸਰਕਾਰੀ ਦਫਤਰ ਵਿੱਚ ਖਾਲਸਾਈ ਨਿਸ਼ਾਨ ਝੁਲਾਇਆ ਗਿਆ ਹੈ। ਜਲੰਧਰ ਨਾਲ ਸਬੰਧਤ ਸਵਰਨਜੀਤ ਸਿੰਘ ਖਾਲਸਾ ਨੇ ਅਮਰੀਕਾ ਦੇ ਨੌਰਵਿਚ ਦੇ ਪਹਿਲੇ ਸਿੱਖ ਮੇਅਰ ਬਣਨ ਤੋਂ ਬਾਅਦ ਆਪਣੇ ਸਰਕਾਰੀ ਦਫ਼ਤਰ ਵਿੱਚ ਸਿੱਖ ਝੰਡਾ ਲਹਿਰਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਵਿਦੇਸ਼ ਜਾਂ ਅਮਰੀਕਾ ਵਿੱਚ ਕਿਸੇ ਸਰਕਾਰੀ ਦਫ਼ਤਰ ਵਿੱਚ ਸਿੱਖ ਝੰਡਾ ਲਹਿਰਾਇਆ ਗਿਆ ਹੈ। ਇਸ ਦਾ ਖੁਲਾਸਾ ਖੁਦ ਸਵਰਨਜੀਤ ਸਿੰਘ ਖਾਲਸਾ ਨੇ ਕੀਤਾ ਹੈ।
ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਹੈ ਕਿ ਉਹ ਅਮਰੀਕਾ ਦੇ ਨੌਰਵਿਚ ਸ਼ਹਿਰ ਦੀ ਸੇਵਾ ਕਰਨ ਵਾਲੇ ਪਹਿਲੇ ਸਿੱਖ ਹਨ। ਉਨ੍ਹਾਂ ਨੇ ਆਪਣੇ ਸਰਕਾਰੀ ਦਫ਼ਤਰ ਵਿੱਚ ਸਿੱਖ ਝੰਡਾ ਲਹਿਰਾਇਆ ਹੈ। ਸਿੱਖ ਝੰਡੇ ਦੇ ਨਾਲ-ਨਾਲ, ਉਨ੍ਹਾਂ ਨੇ ਬਹੁ-ਸੱਭਿਆਚਾਰ ਨੂੰ ਦਰਸਾਉਣ ਲਈ ਦੂਜੇ ਦੇਸ਼ਾਂ ਦੇ ਝੰਡੇ ਵੀ ਲਗਾਏ ਹਨ। ਕੇਸਰੀ ਨਿਸ਼ਾਨ ਦਿਖਾਉਂਦੇ ਹੋਏ ਖਾਲਸਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਹਰ ਰੋਜ਼ ਆਪਣੇ ਸਿਰ 'ਤੇ ਸਿੱਖ ਧਰਮ ਦਾ ਮਾਣ, ਦਸਤਾਰ ਪਹਿਨਦੇ ਹਾਂ, ਉਸੇ ਤਰ੍ਹਾਂ ਉਨ੍ਹਾਂ ਦੇ ਦਫ਼ਤਰ ਵਿੱਚ ਝੰਡਾ ਸਾਨੂੰ ਆਪਣੇ ਭਾਈਚਾਰੇ ਦੀ ਸੇਵਾ ਕਰਨ ਦੀ ਯਾਦ ਦਿਵਾਏਗਾ।
ਸਵਰਨਜੀਤ ਸਿੰਘ ਨੇ ਕਿਹਾ ਕਿ ਇਹ ਝੰਡਾ ਉਨ੍ਹਾਂ ਨੂੰ ਯਾਦ ਦਿਵਾਉਣ ਲਈ ਲਹਿਰਾਇਆ ਗਿਆ ਹੈ ਕਿ ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਨਾਲ-ਨਾਲ ਨੌਰਵਿਚ ਦੇ ਲੋਕਾਂ ਦੀ ਸੇਵਾ ਕਰਨੀ ਹੈ। ਇਹ ਝੰਡਾ ਹਮੇਸ਼ਾ ਮੈਨੂੰ ਇੱਥੇ ਸੇਵਾ ਦੀ ਭਾਵਨਾ ਨਾਲ ਭਰੇਗਾ। ਜਿਵੇਂ ਇੱਕ ਸਿੱਖ ਹਰ ਰੋਜ਼ ਦਸਤਾਰ ਸਜਾਉਂਦਾ ਹੈ, ਉਹ ਯਾਦ ਰੱਖਦਾ ਹੈ ਕਿ ਉਹ ਸੇਵਾ ਕਰਨ ਲਈ ਪੈਦਾ ਹੋਇਆ ਸੀ। ਮੇਰਾ ਇਹ ਦਫ਼ਤਰ ਨੌਰਵਿਚ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ।
ਸਵਰਨਜੀਤ ਸਿੰਘ ਖਾਸਲਾ ਨੇ ਸਿੱਖ ਝੰਡਾ ਦਿਖਾਉਂਦੇ ਹੋਏ ਕਿਹਾ ਕਿ ਨੌਰਵਿਚ ਅਮਰੀਕਾ ਦਾ ਪਹਿਲਾ ਸ਼ਹਿਰ ਹੈ ਜਿਸ ਵਿੱਚ ਕਿਸੇ ਦਫ਼ਤਰ ਵਿੱਚ ਸਿੱਖ ਝੰਡਾ ਹੈ। ਇਸ ਤੋਂ ਪਹਿਲਾਂ ਕਦੇ ਕੋਈ ਸਿੱਖ ਮੇਅਰ ਨਹੀਂ ਸੀ। ਜਿਸ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਮੈਨੂੰ ਪਹਿਲਾ ਸਿੱਖ ਮੇਅਰ ਬਣਾ ਕੇ ਇਤਿਹਾਸ ਰਚਿਆ ਹੈ, ਉਸੇ ਤਰ੍ਹਾਂ ਮੈਂ ਨੌਰਵਿਚ ਨੂੰ ਸਿੱਖ ਝੰਡਾ ਵਾਲਾ ਪਹਿਲਾ ਸ਼ਹਿਰ ਵੀ ਬਣਾਇਆ ਹੈ। ਇਹ ਝੰਡਾ ਦੁਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਏਗਾ।