ਮੁੰਬਈ: ਪਾਕਿਸਤਾਨੀ ਅਦਾਕਾਰ ਅਲੀ ਜ਼ਫ਼ਰ ਨੇ ਆਪਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਪੀਚ ਦੀ ਤਾਰੀਫ ਕੀਤੀ ਹੈ। ਪੁਲਵਾਮਾ ਹਮਲੇ ਬਾਅਦ ਕੱਲ੍ਹ ਪਹਿਲੀ ਵਾਰ ਇਮਰਾਨ ਖ਼ਾਨ ਨੇ ਵੀਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਹਰ ਮੁੱਦੇ ’ਤੇ ਗੱਲ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਭਾਰਤ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ’ਤੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਕੋਲ ਜੇ ਕੋਈ ਸਬੂਤ ਹੈ ਤਾਂ ਉਹ ਉਨ੍ਹਾਂ ਨੂੰ ਦਿੱਤਾ ਜਾਏ, ਉਹ ਉਸ ਦੀ ਜਾਂਚ ਕਰਵਾਉਣਗੇ।

ਜ਼ਫ਼ਰ ਕਈ ਭਾਰਤੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਇਮਰਾਨ ਖ਼ਾਨ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਬਿਨ੍ਹਾਂ ਕਿਸੇ ਪੱਖਪਾਤ, ਨਫ਼ਰਤ ਤੇ ਹੰਕਾਰ ਦੇ ਖੁੱਲ੍ਹੇ ਦਿਲ ਤੇ ਦਿਮਾਗ਼ ਨਾਲ ਸੁਣੋ। ਜੇ ਨਹੀਂ ਸੁਣ ਸਕਦੇ ਤਾਂ ਕੁਝ ਦਿਨਾਂ ਬਾਅਦ ਸ਼ਾਂਤੀ ਦੌਰਾਨ ਸੁਣ ਲੈਣਾ। ਪਿਆਰ, ਸ਼ਾਂਤੀ, ਮਨੁੱਖਤਾ ਤੇ ਇੱਕਜੁੱਟਤਾ ਸਭ ਤੋਂ ਉੱਪਰ, ਪੀਐਮ ਇਮਰਾਨ ਨੇ ਦੇਸ਼ ਨੂੰ ਸੰਬੋਧਨ ਕੀਤਾ ਹੈ।



ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਇਸ ਸਪੀਚ ਦੀ ਕਾਫੀ ਤਾਰੀਫ ਕੀਤੀ। ਉਨ੍ਹਾਂ ਲਿਖਿਆ, ‘ਕਮਾਲ ਸਪੀਚ ਹੈ ਇਮਰਾਨ ਖ਼ਾਨ।’ ਮਸ਼ਹੂਰ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ਕਿਲ ਦਿਲ, ਮੇਰੇ ਬ੍ਰਦਰ ਕੀ ਦੁਲਹਨ, ਟੋਟਲ ਸਿਆਪਾ, ਲੰਦਨ ਪੈਰਿਸ ਨਿਊਯਾਰਕ, ਡਿਅਰ ਜ਼ਿੰਦਗੀ ਤੇ ਲਵ ਕਾ ਦੀ ਐਂਡ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ।