ਅਬੋਹਰ: ਮਿਸ ਇੰਡੀਆ ਯੂਐਸ 2017 ਦਾ ਖਿਤਾਬ ਜਿੱਤਣ ਵਾਲੀ ਅਬੋਹਰ ਦੀ ਸ਼੍ਰੀਸੈਣੀ ਹੁਣ ਮਿਸ ਇੰਡੀਆ ਵਰਲਡ ਵਾਈਡ ਪਿਜੇਂਟਰੀ ਵਿੱਚ ਹਿੱਸਾ ਲਏਗੀ। 14 ਦਸੰਬਰ ਨੂੰ ਹੋਣ ਵਾਲੇ ਇਸ ਮੁਕਾਬਲੇ ਵਿੱਚ ਉਹ ਅਮਰੀਕਾ ਦੀ ਪ੍ਰਤੀਨਿਧਤਾ ਕਰੇਗੀ। ਸ਼੍ਰੀਸੈਣੀ ਨੇ ਕਿਹਾ ਕਿ ਮਿਸ ਇੰਡੀਆ ਯੂਐਸ ਵਿੱਚ ਉਸ ਦਾ ਮੁਕਾਬਲਾ ਯੂਐਸ ਦੀਆਂ 50 ਕੁੜੀਆਂ ਨਾਲ ਸੀ, ਹੁਣ ਕੌਮਾਂਤਰੀ ਪੱਧਰ ਦੇ ਮੁਕਾਬਲੇ ਵਿੱਚ ਉਸ ਦਾ ਸਾਹਮਣਾ 42 ਦੇਸ਼ਾਂ ਦੀਆਂ ਨਾਮਵਾਰ ਜੇਤੂ ਕੁੜੀਆਂ ਨਾਲ ਹੋਏਗਾ। ਸ਼੍ਰੀਸੈਣੀ ਨੂੰ ਇੰਡੀਆ ਐਸੋਸੀਏਸ਼ਨ ਆਫ ਇੰਡੀਆਨਾਪੋਲਿਸ ਨੇ 10 ਨਵੰਬਰ ਨੂੰ ਨਿਊਜਰਸੀ ਵਿੱਚ ਕਰਾਏ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸੱਦਾ ਦਿੱਤਾ ਹੈ। ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਕਿਹਾ ਕਿ ਉਹ ਸਮਾਗਮ ਉਸ ਲਈ ਬੇਹੱਦ ਅਹਿਮ ਹੈ। ਅਬੋਹਰ ਵਿੱਚ ਨਾਨਕੇ ਪੁੱਜੀ ਸ਼੍ਰੀਸੈਣੀ ਨੇ ਆਪਣੀ ਨਾਨੀ ਵਿਜੈਲਕਸ਼ਮੀ, ਨਾਨਾ ਤਿਲਕ ਰਾਜ ਸਚਦੇਵਾ ਤੇ ਪੜਨਾਨੀ ਰਾਜਰਾਣੀ ਸਚਦੇਵਾ ਦਾ ਆਸ਼ੀਰਵਾਦ ਲਿਆ। ਮਹਿਲਾ ਸਿੱਖਿਆ, ਸਸ਼ਕਤੀਕਰਨ ਤੇ ਸਮਾਜਿਕ ਨਿਆਂ ਲਈ ਕੰਮ ਕਰ ਰਹੀ ਸ਼੍ਰੀਸੈਣੀ ਨੇ ਦੱਸਿਆ ਕਿ ਲੁਧਿਆਣਾ ਤੋਂ ਉਨ੍ਹਾਂ ਦਾ ਪਰਿਵਾਰ ਕਈ ਸਾਲ ਪਹਿਲਾਂ ਅਮਰੀਕਾ ਗਿਆ ਤਾਂ 12 ਸਾਲਾਂ ਦੀ ਉਮਰ ਵਿੱਚ ਉਸ ਨੂੰ ਪੇਸਮੇਕਰ ਲਗਵਾਉਣਾ ਪਿਆ ਸੀ ਪਰ ਫਿਰ ਵੀ ਉਸਨੇ ਹਿੰਮਤ ਨਹੀਂ ਛੱਡੀ ਤੇ ਮੰਜ਼ਲ ਪਾਉਣ ਲਈ ਆਪਣੇ ਰਾਹ ’ਤੇ ਅੱਗੇ ਵਧਦੀ ਰਹੀ।