ਅਫਗਾਨਿਸਤਾਨ ਦੇ ਦੱਖਣ-ਪੂਰਬੀ ਇਲਾਕੇ ‘ਚ ਐਤਵਾਰ ਰਾਤ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਗਰਭ ਸਰਵੇਖਣ ਮੁਤਾਬਕ ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਦਰਜ ਕੀਤੀ ਗਈ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਭੂਚਾਲ ਕਾਰਨ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਲੋਕ ਜ਼ਖ਼ਮੀ ਹੋਏ ਹਨ। ਅਫਗਾਨਿਸਤਾਨ ਨਾਲ-ਨਾਲ ਪਾਕਿਸਤਾਨ ‘ਚ ਵੀ ਇਹ ਝਟਕੇ ਮਹਿਸੂਸ ਹੋਏ।
ਭੂਚਾਲ ਤੋਂ ਬਾਅਦ ਲੋਕ ਅਜੇ ਵੀ ਦਹਿਸ਼ਤ ‘ਚ ਹਨ। ਇਹ ਭੂਚਾਲ ਐਤਵਾਰ ਰਾਤ 12:47 ਵਜੇ ਆਇਆ। ਪਹਿਲਾਂ ਇਸ ਦੀ ਤੀਬਰਤਾ 6.0 ਦਰਜ ਕੀਤੀ ਗਈ ਸੀ, ਫਿਰ ਇਸ ਤੋਂ ਬਾਅਦ 6.3 ਤੀਬਰਤਾ ਵਾਲਾ ਝਟਕਾ ਲੱਗਾ। ਅਫਗਾਨਿਸਤਾਨ ਦੇ ਨੰਗਰਹਾਰ ਸਿਹਤ ਵਿਭਾਗ ਦੇ ਪ੍ਰਵਕਤਾ ਨਕੀਬੁੱਲਾਹ ਰਹੀਮੀ ਨੇ ਦੱਸਿਆ ਕਿ ਭੂਚਾਲ ਕਾਰਨ 9 ਲੋਕਾਂ ਦੀ ਮੌਤ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ।
ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਭੂਚਾਲ ਨੂੰ ਲੈ ਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਇੱਕਸ (X) ‘ਤੇ ਪੋਸਟ ਕਰਦਿਆਂ ਕਿਹਾ, "ਬਦਕਿਸਮਤੀ ਨਾਲ, ਅੱਜ ਰਾਤ ਆਏ ਭੂਚਾਲ ਕਾਰਨ ਸਾਡੇ ਕੁਝ ਪੂਰਬੀ ਸੂਬਿਆਂ ਵਿੱਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਅਧਿਕਾਰੀ ਪ੍ਰਭਾਵਿਤ ਲੋਕਾਂ ਦੀ ਰਾਹਤ ਕਾਰਵਾਈ ‘ਚ ਲੱਗੇ ਹੋਏ ਹਨ। ਕੇਂਦਰ ਅਤੇ ਨੇੜਲੇ ਸੂਬਿਆਂ ਤੋਂ ਵੀ ਸਹਾਇਤਾ ਟੀਮਾਂ ਪਹੁੰਚ ਰਹੀਆਂ ਹਨ।"
ਅਫ਼ਗਾਨਿਸਤਾਨ ਵਿੱਚ ਕਈ ਵਾਰ ਆ ਚੁੱਕਾ ਹੈ ਭੂਚਾਲ
ਅਫ਼ਗਾਨਿਸਤਾਨ ਵਿੱਚ ਇਸ ਤੋਂ ਪਹਿਲਾਂ ਵੀ ਕਈ ਵਾਰ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। 28 ਮਈ ਨੂੰ 4.7 ਤੀਬਰਤਾ ਦਾ ਭੂਚਾਲ ਆਇਆ ਸੀ, ਹਾਲਾਂਕਿ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਸੀ। ਇਸੇ ਤਰ੍ਹਾਂ 16 ਅਪ੍ਰੈਲ ਨੂੰ 5.9 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ਨਾਲ ਹੀ ਭਾਰਤ, ਨੇਪਾਲ ਅਤੇ ਚੀਨ ਵਿੱਚ ਵੀ ਪਿਛਲੇ ਮਹੀਨਿਆਂ ਵਿੱਚ ਭੂਚਾਲ ਆ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।