Sikh News: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਯੂਰਪ ਦੀਆਂ ਸਮੂਹ ਸਿੱਖ ਸੰਸਥਾਵਾਂ ਤੇ ਪੰਜਾਬੀ ਭਾਈਚਾਰੇ ਵੱਲੋਂ UNO ਦੇ ਸਾਹਮਣੇ ਕੀਤੇ ਜਾ ਰਹੇ ਇਕੱਠ ਤੇ ਮੰਗ ਪੱਤਰ ਦੇਣ ਦੀ ਹਮਾਇਤ ਕੀਤੀ ਹੈ। ਇਸ ਦੀ ਸਿੱਖ ਭਾਈਚਾਰੇ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇਸ ਇਕੱਠ ਦੀ ਅਗਵਾਈ ਕਰ ਰਹੇ ਭਾਈ ਹਰਮਿੰਦਰ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਲੀਡਰਾਂ ਦੇ ਟਾਰਗੇਟ ਕਿਲਿੰਗ ਤੇ ਜਸਟਿਨ ਟਰੂਡੋ ਦੇ ਖੁਲਾਸੇ ਤੋਂ ਬਾਅਦ ਦੇ ਘਟਨਾਕ੍ਰਮ ਨੂੰ ਮੁੱਖ ਰੱਖਦੇ ਹੋਏ 13 ਅਕਤੂਬਰ ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਇੱਕ ਵਜੇ ਤੋਂ ਲੈ ਕੇ 4 ਵਜੇ ਤੱਕ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਇੱਕ ਰੋਸ ਮੁਜ਼ਾਹਰਾ ਨਹੀਂ ਬਲਕਿ ਇਨਸਾਫ ਲੈਣ ਲਈ ਇੱਕ ਭਰਵੇਂ ਇੱਕਠ ਰਾਹੀਂ UNO ਵਿੱਚ ਇੱਕ ਸ਼ਿਕਾਇਤ ਅਰਜ਼ੀ ਦਰਜ ਕਰਾੳੇਣ ਦੀ ਵਿਉਂਤ ਬਣਾਈ ਗਈ ਹੈ, ਤਾਂ ਜੋ ਸਿੱਖ ਕੌਮ ਨੂੰ UNO ਤੋਂ ਇਨਸਾਫ਼ ਮਿਲ ਸਕੇ। ਸਵਿਸ ਤੋਂ ਇਲਾਵਾ ਪੂਰੇ ਯੂਰਪ ਤੇ ਵਿਦੇਸ਼ਾਂ ਤੋਂ ਵੱਡੀ ਗਿਣਤੀ ‘ਚ ਲੋਕ ਇਸ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਸਵਿਟਜ਼ਰਲੈਂਡ ਦੀਆਂ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਜੀ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਸਿੰਘ ਸਾਹਿਬ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪਾਤਸ਼ਾਹ ਜੀ ਦੇ ਫੁਰਮਾਨ ॥ ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ ਨੂੰ ਬੁਲੰਦ ਕਰਦਿਆਂ ਹੋਇਆਂ 13 ਅਕਤੂਬਰ ਨੂੰ ਹੋ ਰਹੀ ਜਸਟਿਸ ਰੈਲੀ ਦੀ ਭਰਪੂਰ ਹਮਾਇਤ ਕਰਕੇ ਪੰਥਕ ਸੇਵਾ ਦਾਰਾਂ ਦੇ ਹੌਸਲਿਆਂ ਨੂੰ ਮਜ਼ਬੂਤੀ ਬਖਸ਼ੀ ਹੈ।