ਕਾਬੁਲ: ਤਾਲਿਬਾਨ ਨੇ ਅਮਰੀਕਾ ਨੂੰ ਸਿੱਧੀ ਧਮਕੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ ਬਾਇਡੇਨ ਸਰਕਾਰ ਅਫ਼ਗ਼ਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਸੱਦਦੀ, ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡੇਨ ਨੇ 31 ਅਗਸਤ ਨੂੰ ਅਫ਼ਗ਼ਾਨਿਸਤਾਨ ਛੱਡਣ ਦੀ ਗੱਲ ਕਹੀ ਹੈ। ਬਾਇਡੇਨ ਦੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਮਤਲਬ ਨਹੀਂ।
ਤਾਲਿਬਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ 31 ਅਗਸਤ ਤੋਂ ਇਹ ਮਿਆਦ ਇੱਕ ਦਿਨ ਵੀ ਅੱਗੇ ਨਹੀਂ ਵਧ ਸਕਦੀ। ਜੇ ਅਮਰੀਕਾ ਅਤੇ ਬ੍ਰਿਟੇਨ 31 ਅਗਸਤ ਤੋਂ ਬਾਅਦ ਇੱਕ ਦਿਨ ਵਧਾਉਣ ਦੀ ਮੰਗ ਕਰਦੇ ਹਨ, ਤਾਂ ਜਵਾਬ ‘ਨਹੀਂ’ ਵਿੱਚ ਹੀ ਹੋਵੇਗਾ ਪਰ ਉਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ।
ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਹਵਾਈ ਅੱਡੇ 'ਤੇ ਨਿਰਾਸ਼ਾ ਭਰਿਆ ਮਾਹੌਲ ਹੈ। ਲੋਕ ਤਾਲਿਬਾਨ ਤੋਂ ਬਚਣ ਲਈ ਸਭ ਕੁਝ ਛੱਡਣ ਤੇ ਆਪਣੀ ਜਾਨ ਜੋਖਮ ਵਿੱਚ ਪਾਉਣ ਲਈ ਵੀ ਤਿਆਰ ਹਨ। ਜਦੋਂ ਇਸ ਮੁੱਦੇ 'ਤੇ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ।
ਉਸ ਨੇ ਕਿਹਾ,'ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਹੁਣ ਚਿੰਤਤ ਹੋਣ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਹ ਪੱਛਮੀ ਦੇਸ਼ਾਂ ਵਿੱਚ ਰਹਿਣਾ ਚਾਹੁੰਦੇ ਹਨ। ਕਿਉਂਕਿ ਅਫ਼ਗ਼ਾਨਿਸਤਾਨ ਇੱਕ ਗ਼ਰੀਬ ਦੇਸ਼ ਹੈ ਤੇ ਅਫ਼ਗ਼ਾਨਿਸਤਾਨ ਦੇ 70 ਪ੍ਰਤੀਸ਼ਤ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਇਸੇ ਕਰਕੇ ਹਰ ਕੋਈ ਪੱਛਮੀ ਦੇਸ਼ਾਂ ਵਿੱਚ ਖੁਸ਼ਹਾਲ ਜੀਵਨ ਲਈ ਸੈਟਲ ਹੋਣਾ ਚਾਹੁੰਦਾ ਹੈ। ਇਹ ਡਰਨ ਦੀ ਗੱਲ ਨਹੀਂ ਹੈ।”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin