ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਕਿ ਇਰਾਨ ਦੀ ਕੈਦ ਤੋਂ ਆਪਣੇ 5 ਨਾਗਰਿਕਾਂ ਦੀ ਰਿਹਾਈ ਦੇ ਬਦਲੇ ਅਮਰੀਕਾ ਨੇ ਇਕ ਸੌਦਾ ਕੀਤਾ ਹੈ। ਇਸ ਦੇ ਤਹਿਤ ਅਮਰੀਕਾ ਆਪਣੇ ਨਾਗਰਿਕਾਂ ਦੇ ਬਦਲੇ ਦੱਖਣੀ ਕੋਰੀਆ 'ਚ ਜ਼ਬਤ ਇਰਾਨ ਦੇ 49 ਹਜ਼ਾਰ ਕਰੋੜ ਰੁਪਏ ਛੁਡਵਾਵੇਗਾ ।


ਦੱਸ ਦਈਏ ਕਿ ਇਸ ਸੌਦੇ ਦੇ ਤਹਿਤ ਇਰਾਨ ਨੇ ਬੀਤੇ ਵੀਰਵਾਰ ਨੂੰ ਅਮਰੀਕੀਆਂ ਨੂੰ ਆਪਣੀ ਬਦਨਾਮ ਏਵਿਨ ਜੇਲ 'ਚੋਂ ਕੱਢ ਕੇ ਇਕ ਹੋਟਲ 'ਚ ਸ਼ਿਫਟ ਕਰ ਦਿੱਤਾ ਹੈ। ਇਰਾਨ ਵਿੱਚ ਅਮਰੀਕੀ-ਇਰਾਨੀ ਮੂਲ ਦੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਮੁੱਦਾ ਕਈ ਸਾਲਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।


ਉਧਰ ਇਰਾਨ ਵਿਚ ਕੈਦ ਅਮਰੀਕੀਆਂ ਦੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਜੋਅ ਬਾਇਡਨ ਸਰਕਾਰ 'ਤੇ ਉਨ੍ਹਾਂ ਦੀ ਰਿਹਾਈ ਲਈ ਦਬਾਅ ਬਣਾ ਰਹੇ ਸਨ। ਇਰਾਨ ਜਲਦ ਹੀ ਇਨ੍ਹਾਂ ਨੂੰ ਅਮਰੀਕਾ ਦੇ ਹਵਾਲੇ ਕਰ ਸਕਦਾ ਹੈ। ਫਿਲਹਾਲ ਉਸ ਨੂੰ 24 ਘੰਟਿਆਂ ਲਈ ਬੰਦੀ ਬਣਾ ਕੇ ਰੱਖਿਆ ਗਿਆ ਹੈ।


ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਲੋਂ 49 ਹਜ਼ਾਰ ਕਰੋੜ ਰੁਪਏ ਇਰਾਨ ਨੂੰ ਸਿੱਧੇ ਨਹੀਂ ਦਿੱਤੇ ਜਾਣਗੇ। ਉਨ੍ਹਾਂ ਨੂੰ ਕਤਰ ਦੇ ਕੇਂਦਰੀ ਬੈਂਕ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਅਮਰੀਕੀ ਪਾਬੰਦੀਆਂ ਨਾਲ ਜੂਝ ਰਹੀ ਇਰਾਨ ਦੀ ਅਰਥਵਿਵਸਥਾ ਲਈ 49,000 ਕਰੋੜ ਰੁਪਏ ਦੇ ਫੰਡ ਜਾਰੀ ਹੋਣ ਨਾਲ ਵੱਡੀ ਰਾਹਤ ਹੋਵੇਗੀ। ਅਮਰੀਕੀ ਪਾਬੰਦੀਆਂ ਕਾਰਨ ਇਰਾਨ ਦਾ 41 ਲੱਖ ਕਰੋੜ ਰੁਪਏ ਦਾ ਫੰਡ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਫਸਿਆ ਹੋਇਆ ਹੈ।


ਜਿਕਰਯੋਗ ਹੈ ਕਿ 2015 ਵਿੱਚ, ਇਰਾਨ ਨੇ ਚੀਨ, ਫਰਾਂਸ, ਰੂਸ, ਬ੍ਰਿਟੇਨ, ਜਰਮਨੀ ਅਤੇ ਅਮਰੀਕਾ ਨਾਲ ਪ੍ਰਮਾਣੂ ਸਮਝੌਤਾ ਕੀਤਾ ਸੀ। ਇਹ ਸਮਝੌਤਾ ਇਸ ਲਈ ਹੋਇਆ ਕਿਉਂਕਿ ਪੱਛਮੀ ਦੇਸ਼ਾਂ ਨੂੰ ਡਰ ਸੀ ਕਿ ਇਰਾਨ ਪਰਮਾਣੂ ਹਥਿਆਰ ਬਣਾ ਸਕਦਾ ਹੈ, ਪਰ ਉਨ੍ਹਾਂ ਕੋਲ ਬਣਾਉਣ ਦੀਆਂ ਸਾਰੀਆਂ ਸਮਰੱਥਾਵਾਂ ਹਨ ਅਤੇ ਉਹ ਕਿਸੇ ਵੀ ਸਮੇਂ ਵਰਤ ਸਕਦੇ ਹਨ।ਇਰਾਨ ਨੂੰ ਪਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ 'ਤੇ ਜ਼ੋਰ ਦਿੰਦੇ ਹੋਏ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਰਾਹੀਂ ਅੰਤਰਰਾਸ਼ਟਰੀ ਨਿਗਰਾਨੀ ਹੇਠ ਲਿਆਂਦਾ ਗਿਆ ਸੀ।


ਦੱਸ ਦਈਏ ਕਿ  8 ਮਈ 2018 ਨੂੰ, ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਇਰਾਨ ਪ੍ਰਮਾਣੂ ਸਮਝੌਤੇ ਤੋਂ ਬਾਹਰ ਕੱਢ ਲਿਆ ਸੀ। ਅਮਰੀਕਾ ਨੇ 2019 ਤੋਂ ਇਰਾਨ 'ਤੇ ਫਿਰ ਤੋਂ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।