China Plane Fire: ਚੀਨ ਦੇ ਚੋਂਗਕਿੰਗ ਹਵਾਈ ਅੱਡੇ 'ਤੇ ਵੀਰਵਾਰ ਸਵੇਰ ਤਿੱਬਤ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ। ਸਰਕਾਰੀ ਮੀਡੀਆ ਨੇ ਦੱਸਿਆ ਕਿ ਘਟਨਾ 'ਚ ਕੁਝ ਯਾਤਰੀ ਜ਼ਖਮੀ ਵੀ ਹੋਏ ਹਨ। ਸਰਕਾਰੀ ਬ੍ਰਾਡਕਾਸਟਰ ਸੀਸੀਟੀਵੀ ਨੇ ਕਿਹਾ ਕਿ ਚੋਂਗਕਿੰਗ ਤੋਂ ਲਹਾਸਾ ਜਾਣ ਵਾਲੀ ਫਲਾਈਟ ਦੇ ਚੋਂਗਕਿੰਗ ਜਿਆਂਗਬੇਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਗ ਲੱਗ ਗਈ।



ਪੀਪਲਜ਼ ਡੇਲੀ ਨੇ ਏਅਰਲਾਈਨਜ਼ ਦੇ ਹਵਾਲੇ ਨਾਲ ਕਿਹਾ ਕਿ ਸਾਰੇ 113 ਯਾਤਰੀਆਂ ਤੇ 9 ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਨਵੇ 'ਤੇ ਖੜ੍ਹੇ ਜਹਾਜ਼ 'ਚ ਅੱਗ ਲੱਗਣ ਤੋਂ ਬਾਅਦ ਆਸਮਾਨ 'ਚ ਧੂੰਆਂ ਤੇਜ਼ੀ ਨਾਲ ਉੱਠ ਰਿਹਾ ਹੈ। ਰਾਹਤ ਟੀਮ ਵੱਲੋਂ ਜਹਾਜ਼ 'ਤੇ ਪਾਣੀ ਪਾਇਆ ਜਾ ਰਿਹਾ ਹੈ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਅਰਲਾਈਨਜ਼ ਨੇ ਕਿਹਾ ਕਿ ਜਦੋਂ ਜਹਾਜ਼ ਦੱਖਣ-ਪੱਛਮੀ ਸ਼ਹਿਰ ਚੋਂਗਕਿੰਗ ਤੋਂ ਤਿੱਬਤ ਦੇ ਨਯਾਂਗਚੀ ਜਾ ਰਿਹਾ ਸੀ ਤਾਂ ਚਾਲਕ ਦਲ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਜਹਾਜ਼ ਨੂੰ ਹੇਠਾਂ ਉਤਾਰ ਲਿਆ। ਇਸ ਤੋਂ ਬਾਅਦ ਰਨਵੇਅ 'ਤੇ ਜਹਾਜ਼ 'ਚ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ। ਤਿੱਬਤ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ- ਸਾਰੇ ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।






ਜ਼ਖਮੀ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਹ ਘਟਨਾ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਮਾਰਚ ਮਹੀਨੇ ਕੁਨਮਿੰਗ ਤੋਂ ਗੁਆਂਗਜ਼ੂ ਜਾ ਰਹੀ ਚਾਈਨਾ ਈਸਟਰਨ ਫਲਾਈਟ ਕਰੀਬ 29 ਹਜ਼ਾਰ ਫੁੱਟ ਦੀ ਉਚਾਈ 'ਤੇ ਪਹਾੜੀ ਖੇਤਰ 'ਚ ਹਾਦਸਾਗ੍ਰਸਤ ਹੋ ਗਈ ਸੀ, ਜਿਸ 'ਚ ਸਵਾਰ 132 ਲੋਕਾਂ ਦੀ ਮੌਤ ਹੋ ਗਈ ਸੀ।
ਇਸ ਨੂੰ ਚੀਨ ਦੇ 30 ਸਾਲਾਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਹਾਦਸਾ ਮੰਨਿਆ ਗਿਆ। ਇਸ ਦਾ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਸੀ। ਉਸ ਜਹਾਜ਼ 'ਚੋਂ ਦੋ ਬਲੈਕ ਬਾਕਸ ਮਿਲਣ ਤੋਂ ਬਾਅਦ ਅਮਰੀਕਾ 'ਚ ਇਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤਾਂ ਜੋ ਚੀਨ ਈਸਟਰਨ ਫਲਾਈਟ 'ਚ ਹੋਏ ਉਸ ਹਾਦਸੇ ਦਾ ਰਹੱਸ ਸਾਹਮਣੇ ਆ ਸਕੇ।