ਵਾਸ਼ਿੰਗਟਨ: ਭਾਰਤ ਤੇ ਅਮਰੀਕਾ ਵਿਚਾਲੇ ਅਰਥਿਕ ਮਸਲਿਆਂ ਨੂੰ ਲੈ ਕੇ ਤਲਖੀ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਸਮੇਤ ਦੁਨੀਆ ਦੇ ਕੁਝ ਪ੍ਰਮੁੱਖ ਅਰਥਚਾਰਿਆਂ ’ਤੇ ਨਿਸ਼ਾਨਾ ਲਾਉਂਦਿਆਂ ਉਨ੍ਹਾਂ ’ਤੇ ਅਮਰੀਕਾ ਨੂੰ ਵਪਾਰ ’ਚ ਲੁੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕੁਝ ਅਮਰੀਕੀ ਵਸਤਾਂ ’ਤੇ 100 ਫ਼ੀਸਦੀ ਡਿਊਟੀ ਵਸੂਲ ਰਿਹਾ ਹੈ।

 

ਟਰੰਪ ਨੇ ਅਮਰੀਕਾ ਨੂੰ ‘ਲੁੱਟ ਰਹੇ’ ਮੁਲਕਾਂ ਨਾਲ ਵਪਾਰਕ ਰਿਸ਼ਤੇ ਖ਼ਤਮ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਟਰੰਪ ਨੇ ਇਹ ਟਿੱਪਣੀਆਂ ਕੈਨੇਡਾ ਦੇ ਕਿਊਬੈੱਕ ਸਿਟੀ ’ਚ ਕੀਤੀਆਂ ਜਿੱਥੇ ਉਹ ਜੀ7 ਸਿਖਰ ਸੰਮੇਲਨ ’ਚ ਹਿੱਸਾ ਲੈਣ ਪੁੱਜੇ ਸਨ। ਟਰੰਪ ਨੇ ਇਸ ਸੰਮੇਲਨ ਦੇ ਸਾਂਝੇ ਬਿਆਨ ਨੂੰ ਖਾਰਜ ਕਰ ਦਿੱਤਾ ਸੀ ਤੇ ਇੱਕ ਤਰ੍ਹਾਂ ਨਾਲ ਮੇਜ਼ਬਾਨ ਮੁਲਕ ਦੀ ‘ਬੇਇੱਜ਼ਤੀ’ ਕੀਤੀ ਸੀ।

ਟਰੰਪ ਨੇ ਸ਼ਨਿੱਚਰਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ,‘‘ਅਸੀਂ ਤਾਂ ਗੋਲਕ ਵਾਂਗ ਹੋ ਗਏ ਜਿਸ ਨੂੰ ਹਰ ਕੋਈ ਲੁੱਟਣ ’ਤੇ ਲੱਗਾ ਹੋਇਆ ਹੈ।’’ ਟਰੰਪ ਨੇ ਕਿਹਾ,‘‘ਇਹ ਸਿਰਫ਼ ਜੀ7 ਮੁਲਕਾਂ ਨਾਲ ਹੀ ਨਹੀਂ। ਭਾਰਤ ਵੀ ਹੈ ਜਿੱਥੇ ਕੁਝ ਉਤਪਾਦਾਂ ’ਤੇ 100 ਫ਼ੀਸਦੀ ਡਿਊਟੀ ਹੈ ਜਦਕਿ ਅਸੀਂ ਕੁਝ ਵੀ ਚਾਰਜ ਨਹੀਂ ਕਰਦੇ। ਅਸੀਂ ਕਈ ਹੋਰ ਮੁਲਕਾਂ ਨਾਲ ਗੱਲਬਾਤ ਕਰ ਰਹੇ ਹਾਂ।’’ ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ ’ਚ ਹਾਰਲੇ ਡੇਵਿਡਸਨ ਮੋਟਰਸਾਈਕਲਾਂ ’ਤੇ ਵਧ ਡਿਊਟੀ ਲਾਏ ਜਾਣ ਦਾ ਮੁੱਦਾ ਕਈ ਵਾਰ ਉਠਾਇਆ ਹੈ।