ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਕੈਲੀਫ਼ੋਰਨੀਆ ਵਿੱਚ ਮਾਰੇ ਗਏ ਭਾਰਤੀ ਮੂਲ ਦੇ ਪੁਲਿਸ ਅਫ਼ਸਰ ਰੋਨਿਲ ਸਿੰਘ ਉਰਫ਼ ਰੌਨ ਨੂੰ ਕੌਮੀ ਹੀਰੋ ਐਲਾਨ ਦਿੱਤਾ ਹੈ। ਰੌਨ ਦੀ ਜਾਨ ਲੈਣ ਪਿੱਛੇ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਾਨਵਰਾਂ ਵਾਂਗ ਕੀਤੇ ਇਸ ਕਤਲ ਨੇ ਹਰ ਅਮਰੀਕੀ ਦਾ ਦਿਲ ਤੋੜਿਆ ਹੈ।

33 ਸਾਲਾ ਰੋਨਿਲ ਸਿੰਘ ਨਿਊਮੈਨ ਪੁਲਿਸ ਵਿਭਾਗ ਵਿੱਚ ਮੁਲਾਜ਼ਮ ਸੀ। ਰੋਨਿਲ ਫਿਜੀ ਦਾ ਰਹਿਣ ਵਾਲਾ ਸੀ ਤੇ ਜੁਲਾਈ 2011 ਵਿੱਚ ਉਹ ਪੁਲਿਸ ਫੋਰਸ ਵਿੱਚ ਭਰਤੀ ਹੋਇਆ ਸੀ। ਰੌਨ ਨੂੰ 26 ਦਸੰਬਰ ਨੂੰ ਕਥਿਤ ਰੂਪ ਵਿੱਚ ਕਿਸੇ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਟ੍ਰੈਫਿਕ ਸਟਾਪ 'ਤੇ ਗੋਲ਼ੀ ਮਾਰ ਦਿੱਤੀ ਸੀ। ਪੁਲਿਸ ਨੇ ਰੌਨ ਸਿੰਘ ਦੇ ਕਤਲ ਦੇ ਦੋਸ਼ ਵਿੱਚ 33 ਸਾਲਾ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਮੈਕਸਿਕੋ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਸ਼ਨਾਖ਼ਤ ਗੁਸਤਾਵੋ ਪੇਰੇਜ਼ ਵਜੋਂ ਹੋਈ ਹੈ।


ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਰਾਸ਼ਟਰਪਤੀ ਨੇ ਗੋਲ਼ੀ ਚਲਾ ਅਫ਼ਸਰ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਗ਼ੈਰ ਕਾਨੂੰਨੀ ਏਲੀਅਨ ਕਿਹਾ। ਉਨ੍ਹਾਂ ਕਿਹਾ ਕਿ ਜਦ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਕਿਸੇ ਹਾਲ ਹੀ ਵਿੱਚ ਸਰਹੱਦ ਪਾਰ ਕਰ ਕੇ ਆਏ ਗ਼ੈਰ ਕਾਨੂੰਨੀ ਪ੍ਰਵਾਸੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ।

ਜ਼ਿਕਰਯੋਗ ਹੈ ਕਿ ਰੌਨ ਦੇ ਪਰਿਵਾਰ ਦੀ ਮਦਦ ਲਈ ਲੋਕਾਂ ਨੇ ਵੱਡੇ ਪੱਧਰ 'ਤੇ ਚੰਦਾ ਇਕੱਠਾ ਕੀਤਾ। ਰੌਨ ਨੇ ਪਿੱਛੇ ਜਿਹੇ ਪੂਰਬੀ ਮੋਡੈਸਟੋ ਹੋਮ ਇਲਾਕੇ ਵਿੱਚ ਆਪਣਾ ਘਰ ਲਿਆ ਸੀ ਜਿਸ ਦਾ ਤਕਰੀਬਨ ਤਿੰਨ ਲੱਖ ਡਾਲਰ ਕਰਜ਼ਾ ਬਕਾਇਆ ਸੀ। ਸਥਾਨਕ ਲੋਕਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਤੇ ਕੁਝ ਹੀ ਸਮੇਂ ਵਿੱਚ ਰੌਨ ਦੇ ਪਰਿਵਾਰ ਲਈ ਇਹ ਰਕਮ ਇਕੱਠੀ ਕਰ ਦਿੱਤੀ। ਨਾਲ ਹੀ ਲੋਕਾਂ ਨੇ ਵੱਖਰੇ ਤੌਰ 'ਤੇ 50,000 ਡਾਲਰ ਇਕੱਠੇ ਕੀਤੇ ਜੋ ਰੌਨ ਦੇ ਪੰਜ ਕੁ ਮਹੀਨਿਆਂ ਦੇ ਪੁੱਤਰ ਦੀ ਪੜ੍ਹਾਈ ਲਈ ਵਰਤੇ ਜਾਣਗੇ।