Illegal Immigrants Deportation: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਬਣੇ ਇੱਕ ਮਹੀਨਾ ਪੂਰਾ ਹੋ ਗਿਆ ਹੈ। ਇਸ ਸਮੇਂ ਦੌਰਾਨ ਟਰੰਪ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਕੀਤੀ ਹੈ ਤੇ ਉਨ੍ਹਾਂ ਨੂੰ ਫੌਜੀ ਜਹਾਜ਼ਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਟਰੰਪ ਦੇ ਦੋਹਰੇ ਮਾਪਦੰਡ ਸਾਹਮਣੇ ਆਏ ਹਨ। ਇਸ ਤੋਂ ਟਰੰਪ ਦੀ ਵਿਦੇਸ਼ ਨੀਤੀ ਵੀ ਸਪਸ਼ਟ ਨਜ਼ਰ ਆਈ ਹੈ ਤੇ ਭਾਰਤ ਪ੍ਰਤੀ ਨਜ਼ਰੀਆ ਵੀ ਜੱਗ ਜਾਹਿਰ ਹੋਇਆ ਹੈ।
ਦਰਅਸਲ ਟਰੰਪ ਵੱਲੋਂ ਵਿਰੋਧ ਦੇ ਬਾਵਜੂਦ ਭਾਰਤੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬੇੜੀਆਂ ਨਾਲ ਨੂੜ ਕੇ ਫੌਜੀ ਜਹਾਜ਼ ਰਾਹੀਂ ਭੇਜਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਰੂਸ ਤੇ ਚੀਨ ਦੇ ਨਾਗਰਿਕਾਂ ਨਾਲ ਅਜਿਹਾ ਨਹੀਂ ਕੀਤਾ ਜਾ ਰਿਹਾ। ਇਹ ਵੀ ਅਹਿਮ ਹੈ ਕਿ ਚੋਣਾਂ ਤੋਂ ਪਹਿਲਾਂ ਚੀਨ ਨੂੰ ਧਮਕੀਆਂ ਦੇਣ ਵਾਲੇ ਟਰੰਪ ਹੁਣ ਚੀਨ ਤੇ ਰੂਸ ਤੋਂ 3 ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਫੌਜੀ ਜਹਾਜ਼ ਨਹੀਂ ਭੇਜ ਰਹੇ। ਅਮਰੀਕੀ ਗ੍ਰਹਿ ਮੰਤਰਾਲੇ ਅਨੁਸਾਰ ਚੀਨ ਤੋਂ 2 ਲੱਖ 60 ਹਜ਼ਾਰ ਤੇ ਰੂਸ ਤੋਂ 30 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਹਨ। ਉਨ੍ਹਾਂ ਨੂੰ ਯਾਤਰੀ ਉਡਾਣਾਂ ਰਾਹੀਂ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ।
ਮੀਡੀਆ ਵਿੱਛ ਚਰਚਾ ਹੈ ਕਿ ਡੋਨਾਲਡ ਟਰੰਪ ਚੀਨ ਤੇ ਰੂਸ ਪ੍ਰਤੀ ਦਿਆਲੂ ਜਾਪਣ ਲੱਗੇ ਹਨ। ਉਨ੍ਹਾਂ ਨੇ ਉਸ ਅਮਰੀਕੀ ਕਮਿਸ਼ਨ ਨੂੰ ਵੀ ਭੰਗ ਕਰ ਦਿੱਤਾ ਹੈ ਜੋ ਰੂਸੀ ਅਰਬਪਤੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ ਜ਼ਿੰਮੇਵਾਰ ਸੀ। ਟਰੰਪ ਨੇ ਪਹਿਲਾਂ ਚੀਨ 'ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਪਰ ਸਿਰਫ 10% ਹੀ ਲਗਾਇਆ। ਚੀਨੀ ਕੰਪਨੀ TikTok 'ਤੇ ਪਾਬੰਦੀ ਲਗਾਉਣ 'ਤੇ ਵੀ ਨਰਮ ਹਨ। ਇਸ ਤੋਂ ਸਪਸ਼ਟ ਹੈ ਕਿ ਟਰੰਪ ਰੂਸ ਤੇ ਚੀਨ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੁੰਦੇ।
ਦੂਜੇ ਪਾਸੇ ਅਮਰੀਕਾ ਨੇ ਤਿੰਨ ਫੌਜੀ ਉਡਾਣਾਂ ਰਾਹੀਂ 332 ਭਾਰਤੀਆਂ ਨੂੰ ਵਾਪਸ ਭੇਜਿਆ ਹੈ। ਪਹਿਲੀ ਉਡਾਣ 5 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਉੱਤਰੀ ਸੀ। ਸਾਰੇ ਲੋਕਾਂ ਨੂੰ ਹੱਥਕੜੀਆਂ, ਬੇੜੀਆਂ ਤੇ ਜ਼ੰਜੀਰਾਂ ਪਾ ਕੇ ਇੱਥੇ ਲਿਆਂਦਾ ਗਿਆ। ਇਸ ਨੂੰ ਲੈ ਕੇ ਦੇਸ਼ ਵਿੱਚ ਹੰਗਾਮਾ ਵੀ ਹੋਇਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਾ ਕੀਤਾ ਜਾਵੇ ਪਰ ਅਮਰੀਕਾ ਨੇ ਕੋਈ ਪ੍ਰਵਾਹ ਨਹੀਂ ਕੀਤੀ। ਇਸ ਤੋਂ ਬਾਅਦ 15 ਤੇ 16 ਫਰਵਰੀ ਨੂੰ ਦੋ ਹੋਰ ਉਡਾਣਾਂ ਵਿੱਚ ਲੋਕਾਂ ਨੂੰ ਲਿਆਂਦਾ ਗਿਆ। ਇਨ੍ਹਾਂ ਵਿੱਚ ਵੀ ਔਰਤਾਂ ਤੇ ਬੱਚਿਆਂ ਨੂੰ ਛੱਡ ਕੇ ਪਹਿਲਾਂ ਵਾਂਗ ਹੀ ਮਰਦਾਂ ਨੂੰ ਬੇੜੀਆਂ ਨਾਲ ਨੂੜ ਕੇ ਲਿਆਂਦਾ ਗਿਆ।
ਇਸ ਤੋਂ ਸਪਸ਼ਟ ਲੱਗ ਰਿਹਾ ਹੈ ਕਿ ਅਮਰੀਕਾ ਹੁਣ ਰੂਸ ਤੇ ਚੀਨ ਵਰਗੇ ਵੱਡੇ ਮੁਲਕਾਂ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ। ਇਸ ਲਈ ਉਹ ਭਾਰਤ ਦੀ ਪ੍ਰਵਾਹ ਨਹੀਂ ਕਰ ਰਿਹਾ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਹਾਲੀਆ ਮੁਲਾਕਾਤ ਵਿੱਚ ਟੈਰਿਫ ਦੇ ਮੁੱਦੇ ਉਪਰ ਵੱਡਾ ਦਾਅਵਾ ਕੀਤਾ ਹੈ। ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਟਰੰਪ ਨੇ ਕਿਹਾ, "ਮੈਂ ਮੋਦੀ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਭਾਰਤ 'ਤੇ ਵੀ ਜਵਾਬੀ ਟੈਰਿਫ ਲਗਾਏ ਜਾਣਗੇ।"
ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੋਈ ਚਰਚਾ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੂੰ ਇਹ ਗੱਲ ਪਸੰਦ ਨਹੀਂ ਆਈ ਹੋਵੇਗੀ, ਪਰ ਮੈਂ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਅਸੀਂ ਅਮਰੀਕੀ ਸਾਮਾਨ 'ਤੇ ਉਹੀ ਟੈਰਿਫ ਲਗਾਵਾਂਗੇ ਜੋ ਭਾਰਤ ਲੈਂਦਾ ਹੈ। ਇੰਟਰਵਿਊ ਵਿੱਚ ਐਲੋਨ ਮਸਕ ਨੇ ਇਹ ਵੀ ਦੋਸ਼ ਲਗਾਇਆ ਕਿ ਭਾਰਤ ਆਟੋਮੋਬਾਈਲ ਆਯਾਤ 'ਤੇ 100% ਟੈਰਿਫ ਲਗਾਉਂਦਾ ਹੈ।