ਚੀਨ ਦੀ ਰਾਜਧਾਨੀ ਬੀਜਿੰਗ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਜਦਕਿ 71 ਤੋਂ ਵੱਧ ਲੋਕ ਜ਼ਖਮੀ ਹਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਅੱਗ 'ਚ ਝੁਲਸਣ ਕਾਰਨ ਕਈ ਮਰੀਜ਼ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਸਕਦਾ ਹੈ।


ਸਰਕਾਰੀ ਨਿਯੰਤਰਣ 'ਚਾਈਨਾ ਡੇਲੀ' ਦੀ ਖਬਰ ਮੁਤਾਬਕ ਬੀਜਿੰਗ ਦੇ ਫੇਂਗਤਾਈ ਜ਼ਿਲੇ 'ਚ ਸਥਿਤ ਇੱਕ ਹਸਪਤਾਲ 'ਚ ਅੱਗ ਲੱਗਣ ਤੋਂ ਬਾਅਦ ਇਹ ਹਾਦਸਾ ਵਾਪਰਿਆ। ਰਿਪੋਰਟ ਮੁਤਾਬਕ ਅੱਗ ਮੰਗਲਵਾਰ ਦੁਪਹਿਰ 12.57 ਵਜੇ (ਸਥਾਨਕ ਸਮੇਂ) 'ਤੇ ਲੱਗੀ। ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪੁੱਜੀ।
ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ 71 ਮਰੀਜ਼ਾਂ ਨੂੰ ਬਚਾ ਕੇ ਹਸਪਤਾਲ ਤੋਂ ਦੂਜੀ ਥਾਂ 'ਤੇ ਭੇਜ ਦਿੱਤਾ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਇਸ ਸਬੰਧੀ ਜਾਂਚ ਜਾਰੀ ਹੈ।






ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ


ਹਸਪਤਾਲ 'ਚ ਅੱਗ ਲੱਗਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਰਹੇ ਹਨ। ਰੱਸੀ ਨਾਲ ਲਟਕ ਕੇ ਭੱਜ ਰਹੇ ਹਨ। ਕਈ ਲੋਕ ਹਸਪਤਾਲ ਵਿੱਚ ਲੱਗੇ ਏਸੀ ’ਤੇ ਬੈਠੇ ਜਾਂ ਖੜ੍ਹੇ ਹਨ। ਹਸਪਤਾਲ 'ਚ ਅੱਗ ਨੇ ਕਿਵੇਂ ਮਚਾਈ ਤਬਾਹੀ? ਵਾਇਰਲ ਵੀਡੀਓ 'ਚ ਇਹ ਸਾਫ ਦੇਖਿਆ ਜਾ ਸਕਦਾ ਹੈ।


ਫੈਕਟਰੀ 'ਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ


ਮੰਗਲਵਾਰ ਨੂੰ ਹੀ ਚੀਨ ਵਿੱਚ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਚੀਨ ਦੇ ਪੂਰਬੀ ਝੇਜਿਆਂਗ ਸੂਬੇ ਦੇ ਜਿਨਹੁਆ ਸ਼ਹਿਰ ਦੀ ਵੂਈ ਕਾਊਂਟੀ ਦੀ ਹੈ। ਜਿੱਥੇ ਦੁਪਹਿਰ ਬਾਅਦ ਲੱਗੀ ਭਿਆਨਕ ਅੱਗ 'ਚ ਦਰਜਨਾਂ ਲੋਕ ਜ਼ਖਮੀ ਹੋ ਗਏ। ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ।