Ukraine-Russia War: ਯੂਕਰੇਨ ਦੇ ਕੀਵ ਸ਼ਹਿਰ ਦੇ ਕਲਿਟਸਕੋ ਵਿੱਚ ਰੂਸੀ ਹਵਾਈ ਹਮਲੇ ਵਿੱਚ ਚਾਰ ਲੋਕ ਮਾਰੇ ਗਏ ਹਨ। ਰੂਸੀ ਫੌਜ ਲਗਾਤਾਰ ਕੀਵ ਦੇ ਇਲਾਕਿਆਂ 'ਤੇ ਹਮਲੇ ਕਰ ਰਹੀ ਹੈ। ਕੀਵ ਇੰਡੀਪੈਂਡੈਂਟ ਨਿਊਜ਼ ਦੇ ਮੁਤਾਬਕ, ਕੀਵ ਦੇ ਪੱਛਮੀ ਜ਼ਿਲੇ ਸਵਯਤੋਸ਼ਿੰਸਕੀ ਵਿਚ ਇਕ 16 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿਚ ਗੋਲੀਬਾਰੀ ਦੇ ਨਤੀਜੇ ਵਜੋਂ ਅੱਗ ਲੱਗ ਗਈ।
ਯੂਕਰੇਨ 'ਤੇ ਰੂਸ ਦੇ ਹਮਲੇ ਦੇ 20ਵੇਂ ਦਿਨ ਰੂਸੀ ਫੌਜ ਨੇ ਹਮਲੇ ਤੇਜ਼ ਕਰ ਦਿੱਤੇ ਹਨ। ਰੂਸੀ ਹਵਾਈ ਹਮਲਿਆਂ ਅਤੇ ਗੋਲਾਬਾਰੀ ਵਿੱਚ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਹਮਲਿਆਂ ਵਿੱਚ ਲੁਕਿਆਨਿਵਸਕਾ ਮੈਟਰੋ ਸਟੇਸ਼ਨ ਦੀ ਪ੍ਰਵੇਸ਼ ਦੁਆਰ ਇਮਾਰਤ ਵੀ ਤਬਾਹ ਹੋ ਗਈ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕੀਵ 'ਚ ਇਮਾਰਤਾਂ 'ਤੇ ਹੋਏ ਹਮਲੇ ਤੋਂ ਬਾਅਦ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਟਵੀਟ ਵਿੱਚ ਲਿਖਿਆ, "ਅੱਜ ਸਵੇਰੇ ਯੂਕਰੇਨ ਦੀ ਰਾਜਧਾਨੀ, ਰਿਹਾਇਸ਼ੀ ਇਮਾਰਤਾਂ।"
Zelensky ਦਾ ਵੱਡਾ ਬਿਆਨ
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਰੂਸੀ ਸਮਾਚਾਰ ਏਜੰਸੀ ਸਪੁਟਨਿਕ ਨੇ ਦੱਸਿਆ ਕਿ ਜ਼ੇਲੇਨਸਕੀ ਨੇ ਕਿਹਾ ਹੈ ਕਿ ਯੂਕਰੇਨ ਨੂੰ ਇਸ ਤੱਥ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਯੂਕਰੇਨ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਤ ਕਰਨ ਲਈ ਇਕ ਵਾਰ ਫਿਰ ਗੱਲਬਾਤ ਸ਼ੁਰੂ ਹੋ ਗਈ ਹੈ। ਪਿਛਲੇ ਦਿਨ ਦੀ ਗੱਲਬਾਤ ਵਿੱਚ ਕੋਈ ਫੈਸਲਾ ਨਹੀਂ ਹੋ ਸਕਿਆ ਸੀ ਜਿਸ ਕਰਕੇ ਅੱਜ ਫਿਰ ਗੱਲਬਾਤ ਸ਼ੁਰੂ ਹੋ ਗਈ ਹੈ।
ਕੀਵ ਵਿੱਚ ਸਖ਼ਤ ਕਰਫਿਊ ਲਾਗੂ -
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਵਧਦੇ ਖ਼ਤਰੇ ਦੇ ਮੱਦੇਨਜ਼ਰ 15 ਮਾਰਚ ਦੀ ਰਾਤ 8 ਵਜੇ ਤੋਂ 17 ਮਾਰਚ ਦੀ ਸਵੇਰ ਤੱਕ ਕੀਵ ਵਿੱਚ ਸਖ਼ਤ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਕੀਵ ਦੇ ਮੇਅਰ ਵਿਟਾਲੀ ਕਲੀਚਕੋ ਦੇ ਅਨੁਸਾਰ, ਅੱਜ ਇੱਕ ਮੁਸ਼ਕਲ ਦਿਨ ਹੈ। ਫੌਜੀ ਕਮਾਂਡ ਨੇ 17 ਮਾਰਚ ਨੂੰ ਸਵੇਰੇ 7 ਵਜੇ ਤੱਕ ਕੀਵ ਵਿੱਚ ਮੁਕੰਮਲ ਕਰਫਿਊ ਦਾ ਐਲਾਨ ਕੀਤਾ ਹੈ। ਇਸ ਸਮੇਂ ਦੌਰਾਨ ਲੋਕ ਸਿਰਫ ਬੰਬ ਸ਼ੈਲਟਰ ਵਿੱਚ ਜਾਣ ਲਈ ਹੀ ਬਾਹਰ ਜਾ ਸਕਦੇ ਹਨ।