Russia-Ukraine War: ਲਗਾਤਾਰ ਚਾਰ ਦਿਨਾਂ ਤੋਂ ਚੱਲ ਰਹੀ ਜੰਗ (Russia Ukraine War ) ਦੇ ਵਿਚਕਾਰ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਅਸਲ ਕ੍ਰੈਮਲਿਨ ਹੁਣ ਯੂਕਰੇਨ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਰੂਸੀ ਨਿਊਜ਼ ਏਜੰਸੀ ਮੁਤਾਬਕ ਕ੍ਰੈਮਲਿਨ ਤੋਂ ਸੂਚਨਾ ਮਿਲੀ ਹੈ ਕਿ ਉਹ ਬੇਲਾਰੂਸ 'ਚ ਯੂਕਰੇਨ ਨਾਲ ਗੱਲਬਾਤ ਲਈ ਤਿਆਰ ਹੈ। ਹਾਲਾਂਕਿ ਅਜੇ ਤੱਕ ਯੂਕਰੇਨ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।



ਤੁਹਾਨੂੰ ਦੱਸ ਦੇਈਏ ਕਿ ਯੂਕਰੇਨ 'ਤੇ ਰੂਸੀ ਹਮਲੇ ਦੇ ਚੌਥੇ ਦਿਨ ਰੂਸੀ ਫੌਜ ਨੇ ਯੂਕਰੇਨ ਦੇ ਦੱਖਣ ਤੇ ਦੱਖਣ ਪੂਰਬ 'ਚ ਦੋ ਸ਼ਹਿਰਾਂ ਦੀ ਘੇਰਾਬੰਦੀ ਕਰਨ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰੂਸ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਯੂਕਰੇਨ 'ਤੇ ਹਮਲੇ ਤੇਜ਼ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਰੂਸ ਹੁਣ ਯੂਕਰੇਨ 'ਤੇ ਹਰ ਪਾਸਿਓਂ ਹਮਲਾ ਕਰੇਗਾ। ਰੂਸ ਨੇ ਕਿਹਾ ਕਿ ਉਸ ਨੇ ਪਹਿਲਾਂ ਕੀਵ 'ਤੇ ਹਮਲਿਆਂ ਨੂੰ ਹੌਲੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰੂਸ ਨੇ ਪੱਛਮੀ ਦੇਸ਼ਾਂ ਤੋਂ ਆਰਥਿਕ ਤੇ ਫੌਜੀ ਮਦਦ ਮਿਲਣ ਤੋਂ ਬਾਅਦ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਸਾਰੇ ਸ਼ਹਿਰਾਂ 'ਤੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ।

ਰੂਸੀ ਫੌਜ ਨੇ ਚਰਨੋਬਲ ਪ੍ਰਮਾਣੂ ਪਲਾਂਟ 'ਤੇ ਕੀਤਾ ਕਬਜ਼ਾ
ਸ਼ਨੀਵਾਰ ਨੂੰ ਚਰਨੋਬਲ ਪਰਮਾਣੂ ਪਲਾਂਟ 'ਤੇ ਕਬਜ਼ਾ ਕਰਨ ਤੋਂ ਬਾਅਦ ਰੂਸੀ ਫੌਜ ਹੁਣ ਇਕ ਹੋਰ ਪ੍ਰਮਾਣੂ ਪਲਾਂਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰੂਸੀ ਸੈਨਿਕਾਂ ਵੱਲੋਂ ਬੰਬ ਸ਼ੈੱਲਾਂ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਾ ਰਹੇ ਹਨ।


ਓਧਰ ਭਾਰਤ 'ਚ ਪੋਲੈਂਡ ਦੇ ਰਾਜਦੂਤ ਐਡਮ ਬੁਰਕੋਵਸਕੀ ਨੇ ਕਿਹਾ ਕਿ ਪੋਲੈਂਡ ਯੂਕਰੇਨ 'ਤੇ ਰੂਸੀ ਹਮਲੇ ਤੋਂ ਬਚਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ੇ ਦੇ ਪੋਲੈਂਡ 'ਚ ਦਾਖਲ ਹੋਣ ਦੀ ਇਜਾਜ਼ਤ ਦੇ ਰਿਹਾ ਹੈ।