Russia Ukraine Conflict: ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ 19 ਦਿਨ ਹੋ ਗਏ ਹਨ। ਰੂਸੀ ਫੌਜ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ 'ਚ ਲਗਾਤਾਰ ਤਬਾਹੀ ਮਚਾ ਰਹੀ ਹੈ। ਲੱਖਾਂ ਲੋਕ ਆਪਣਾ ਘਰ-ਬਾਰ ਛੱਡ ਕੇ ਦੂਜੇ ਦੇਸ਼ਾਂ ਵਿਚ ਚਲੇ ਗਏ ਹਨ। ਬੱਚਿਆਂ 'ਤੇ ਵੀ ਹਮਲੇ ਹੋ ਰਹੇ ਹਨ ਤੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ ਪਰ ਇਸ ਸਭ ਦੇ ਵਿਚਕਾਰ ਯੂਕਰੇਨ ਦੇ ਸੈਨਿਕ ਤੇ ਆਮ ਲੋਕ ਦੁਸ਼ਮਣਾਂ ਦਾ ਡਟ ਕੇ ਸਾਹਮਣਾ ਕਰ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਬਜ਼ੁਰਗ ਜੋੜੇ ਨੇ ਰੂਸ ਦੇ ਸੈਨਿਕਾਂ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਵਿੱਚ ਤੁਸੀਂ ਦੇਖੋਗੇ ਕਿ ਹਥਿਆਰਾਂ ਨਾਲ ਲੈਸ ਕੁਝ ਰੂਸੀ ਸੈਨਿਕ ਇੱਕ ਘਰ ਵਿੱਚ ਦਾਖਲ ਹੁੰਦੇ ਹਨ।





ਅਮਰੀਕੀ ਦੂਤਾਵਾਸ ਵੱਲੋਂ ਪੋਸਟ ਕੀਤਾ ਗਿਆ ਵੀਡੀਓ
ਇਸ ਵਾਇਰਲ ਵੀਡੀਓ ਨੂੰ ਕੀਵ ਸਥਿਤ ਅਮਰੀਕੀ ਦੂਤਾਵਾਸ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਗਿਆ ਹੈ। ਇਹ ਵੀਡੀਓ ਸੀਸੀਟੀਵੀ ਫੁਟੇਜ ਤੋਂ ਲਿਆ ਗਿਆ ਹੈ। ਇਸ ਵਿੱਚ ਤੁਸੀਂ ਦੇਖੋਗੇ ਕਿ ਹਥਿਆਰਾਂ ਨਾਲ ਲੈਸ ਕੁਝ ਰੂਸੀ ਸੈਨਿਕ ਇੱਕ ਘਰ ਵਿੱਚ ਦਾਖਲ ਹੁੰਦੇ ਹਨ। ਉਨ੍ਹਾਂ ਦੀ ਆਵਾਜ਼ ਸੁਣ ਕੇ ਇੱਕ ਬਜ਼ੁਰਗ ਜੋੜਾ ਅੰਦਰੋਂ ਬਾਹਰ ਆਉਂਦਾ ਹੈ। ਉਹ ਸਿਪਾਹੀਆਂ ਨੂੰ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਇੱਕ ਸਿਪਾਹੀ ਨੇ ਕੁਝ ਕਹਿ ਕੇ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਹ ਡਰਾਉਣ ਲਈ ਹਵਾ ਵਿੱਚ ਫਾਇਰ ਵੀ ਕਰਦਾ ਹੈ ਪਰ ਬਜ਼ੁਰਗਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ।

ਗੋਲੀਬਾਰੀ ਤੋਂ ਬਾਅਦ ਵੀ ਬਜ਼ੁਰਗ ਬਿਨਾਂ ਕਿਸੇ ਡਰ ਦੇ ਰੂਸੀ ਸੈਨਿਕਾਂ ਨਾਲ ਬਹਿਸ ਕਰਦੇ ਰਹੇ। ਦੋਵਾਂ ਧਿਰਾਂ ਵਿਚਾਲੇ ਕੁਝ ਸਮੇਂ ਤਕ ਬਹਿਸ ਹੁੰਦੀ ਰਹਿੰਦੀ ਹੈ ਪਰ ਅੰਤ ਵਿੱਚ ਰੂਸੀ ਸੈਨਿਕਾਂ ਨੂੰ ਘਰ ਛੱਡ ਕੇ ਬਾਹਰ ਨਿਕਲਣਾ ਪੈਂਦਾ ਹੈ। ਬਜ਼ੁਰਗ ਜੋੜੇ ਦੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਬਹਾਦਰੀ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਵੀਡੀਓ ਨੂੰ ਹੁਣ ਤੱਕ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।