US F-35 Jet News: ਅਮਰੀਕੀ ਸੈਨਾ ਦਾ ਇੱਕ ਲੜਾਕੂ ਜਹਾਜ਼ F-35 ਲਾਪਤਾ ਹੋ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਮੀਡੀਆ ਰਿਪੋਰਟਾਂ ਮੁਤਾਬਕ ਜੋ ਜਹਾਜ਼ ਲਾਪਤਾ ਹੋਇਆ ਹੈ, ਉਹ ਐੱਫ-35 ਲੜਾਕੂ ਜਹਾਜ਼ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਤੇ ਅਮਰੀਕਾ ਦਾ ਪਹਿਲਾ ਸਟੀਲਥ ਲੜਾਕੂ ਜੈੱਟ ਜਹਾਜ਼ ਕਿਹਾ ਜਾਂਦਾ ਹੈ। ਇਹ ਜਹਾਜ਼ ਗੁਪਤ ਤਰੀਕੇ ਨਾਲ ਮਿਸ਼ਨਾਂ ਨੂੰ ਪੂਰਾ ਕਰਨ ਦੇ ਸਮਰੱਥ ਹੈ।



ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਅਮਰੀਕੀ ਫੌਜੀ ਅਧਿਕਾਰੀ ਲਾਪਤਾ ਐਫ-35 ਜੈੱਟ ਦੀ ਭਾਲ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਊਥ ਕੈਰੋਲੀਨਾ ਦੇ ਨਾਰਥ ਚਾਰਲਸਟਨ ਏਅਰਬੇਸ ਤੋਂ ਉਡਾਣ ਭਰਨ ਤੋਂ ਬਾਅਦ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਰਿਪੋਰਟ ਮੁਤਾਬਕ ਐਤਵਾਰ ਦੁਪਹਿਰ ਨੂੰ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ ਤਾਂ ਅਜਿਹੀ ਖਰਾਬੀ ਆਈ ਕਿ ਪਾਇਲਟ ਨੂੰ ਬਾਹਰ ਕੱਢਣਾ ਪਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ਕਿਤੇ ਡਿੱਗ ਗਿਆ ਹੈ। ਹਾਲਾਂਕਿ ਇਹ ਕਿੱਥੇ ਡਿੱਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਅਜਿਹੇ 'ਚ ਐੱਫ-35 ਲੜਾਕੂ ਜਹਾਜ਼ ਦਾ ਪਤਾ ਲਾਉਣ ਲਈ ਸਥਾਨਕ ਲੋਕਾਂ ਤੋਂ ਮਦਦ ਮੰਗੀ ਗਈ ਹੈ।


 






ਪਾਇਲਟ ਨੇ ਜਹਾਜ਼ ਤੋਂ ਛਾਲ ਮਾਰ ਕੇ ਬਚਾਈ ਜਾਨ
ਰਿਪੋਰਟ ਮੁਤਾਬਕ ਜਹਾਜ਼ 'ਚ ਸਵਾਰ ਪਾਇਲਟ ਸੀ, ਜਿਸ ਨੇ ਹਾਦਸੇ ਤੋਂ ਪਹਿਲਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਦੀ ਹਾਲਤ ਸਥਿਰ ਹੈ ਤੇ ਫਿਲਹਾਲ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਹੈ। ਜਹਾਜ਼ ਦੇ ਲਾਪਤਾ ਹੋਣ 'ਤੇ ਅਮਰੀਕਾ ਦੀ ਚਿੰਤਾ ਹੈ ਕਿ ਇਸ ਦੇ ਹਿੱਸੇ ਅਮਰੀਕਾ ਦੇ ਦੁਸ਼ਮਣ ਦੇਸ਼ਾਂ ਦੇ ਹੱਥ ਲੱਗ ਸਕਦੇ ਹਨ। ਅਜਿਹੇ 'ਚ ਜਹਾਜ਼ ਨੂੰ ਲੈ ਕੇ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।



ਨਾਗਰਿਕਾਂ ਤੋਂ ਮਦਦ ਦੀ ਮੰਗ 
ਜੈੱਟ ਬਾਰੇ ਜਾਣਕਾਰੀ ਦੇਣ ਲਈ ਨੰਬਰ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੇਬੀ ਚਾਰਲਸਟਨ ਬੇਸ ਡਿਫੈਂਸ ਆਪਰੇਸ਼ਨ ਸੈਂਟਰ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ ਗਈ ਹੈ। ਜੁਆਇੰਟ ਬੇਸ ਚਾਰਲਸਟਨ ਨੇ ਇੱਕ ਟਵੀਟ ਵਿੱਚ ਲਿਖਿਆ, "ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ, ਤਾਂ ਕਿਰਪਾ ਕਰਕੇ ਬੇਸ ਡਿਫੈਂਸ ਆਪ੍ਰੇਸ਼ਨ ਸੈਂਟਰ ਨੂੰ ਕਾਲ ਕਰੋ।" ਬੇਸ ਅਧਿਕਾਰੀ ਡਾਊਨਟਾਊਨ ਚਾਰਲਸਟਨ ਦੇ ਉੱਤਰ ਵਿੱਚ ਦੋ ਝੀਲਾਂ ਦੇ ਆਲੇ-ਦੁਆਲੇ ਖੋਜ ਕਰ ਰਹੇ ਹਨ। ਇਸ ਦੇ ਨਾਲ ਹੀ ਦੱਖਣੀ ਕੈਰੋਲੀਨਾ ਦੇ ਨਿਆਂ ਵਿਭਾਗ ਦਾ ਇੱਕ ਹੈਲੀਕਾਪਟਰ ਵੀ ਖੋਜ ਵਿੱਚ ਲੱਗਾ ਹੋਇਆ ਹੈ।