US Mass Shooting: ਅਮਰੀਕਾ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ, ਜਿਸ ਕਾਰਨ ਅਮਰੀਕਾ ਦਾ ਜ਼ਿਕਰ ਕੀਤੇ ਬਿਨਾਂ ਦੁਨੀਆ ਵਿੱਚ ਬਹੁਤ ਕੁਝ ਨਹੀਂ ਹੁੰਦਾ। ਹਾਲਾਂਕਿ ਅਮਰੀਕਾ ਪਿਛਲੇ ਕਈ ਸਾਲਾਂ ਤੋਂ ਇੱਕ ਗੱਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ, ਜੋ ਪ੍ਰੇਸ਼ਾਨ ਕਰਨ ਵਾਲੀ ਹੈ। ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ, ਜਿਸ 'ਚ ਕੋਈ ਵੀ ਬੰਦੂਕ ਚੁੱਕ ਕੇ ਲੋਕਾਂ 'ਤੇ ਗੋਲੀਆਂ ਚਲਾ ਦਿੰਦਾ ਹੈ। ਹੁਣ ਅਮਰੀਕਾ ਦੇ ਲੇਵਿਸਟਨ 'ਚ ਗੋਲੀਆਂ ਲੱਗਣ ਨਾਲ 22 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਵੀ ਹੋਏ ਹਨ। ਅਮਰੀਕਾ ਵਿੱਚ ਇਹ ਬੰਦੂਕ ਕਲਚਰ ਕੋਈ ਨਵਾਂ ਨਹੀਂ ਹੈ, ਇੱਥੇ ਬੰਦੂਕ ਖਰੀਦਣਾ ਕਿਸੇ ਵੀ ਸ਼ਾਪਿੰਗ ਮਾਲ ਵਿੱਚ ਕੱਪੜੇ ਖਰੀਦਣ ਵਾਂਗ ਹੈ।
ਖ਼ਤਰਨਾਕ ਹਥਿਆਰ ਰੱਖਦੇ ਹਨ ਲੋਕ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ 'ਚ ਰਹਿਣ ਵਾਲੇ ਲੋਕਾਂ ਨਾਲੋਂ ਇੱਥੇ ਜ਼ਿਆਦਾ ਹਥਿਆਰ ਹਨ। ਭਾਵ ਇੱਕੋ ਪਰਿਵਾਰ ਦੇ ਕਈ ਲੋਕਾਂ ਕੋਲ ਹਥਿਆਰਾਂ ਦਾ ਭੰਡਾਰ ਹੈ। ਲੋਕ ਖ਼ਤਰਨਾਕ ਹਥਿਆਰ ਰੱਖਣ ਦੇ ਸ਼ੌਕੀਨ ਹਨ ਜਿਸ ਵਿੱਚ ਅਸਾਲਟ ਰਾਈਫਲ ਵੀ ਸ਼ਾਮਲ ਹੈ।
ਹੈਰਾਨ ਕਰਨ ਵਾਲੇ ਹਨ ਅੰਕੜੇ
ਅਮਰੀਕਾ ਦੀ ਆਬਾਦੀ ਕਰੀਬ 33 ਕਰੋੜ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੇ ਅਮਰੀਕਾ ਦੇ ਲੋਕਾਂ ਕੋਲ 39 ਕਰੋੜ ਤੋਂ ਵੱਧ ਬੰਦੂਕਾਂ ਹਨ। ਇਹ ਅੰਕੜੇ 2018 ਦੇ ਹਨ, ਇਸ ਤੋਂ ਬਾਅਦ ਵੀ ਬੰਦੂਕਾਂ ਦੀ ਗਿਣਤੀ ਲਗਾਤਾਰ ਵਧੀ ਹੈ। ਇੱਥੇ ਪ੍ਰਤੀ 100 ਲੋਕਾਂ ਦੀ ਔਸਤਨ 120.5 ਬੰਦੂਕਾਂ ਹਨ। ਦੁਨੀਆ ਵਿੱਚ ਸਭ ਤੋਂ ਵੱਧ ਬੰਦੂਕਾਂ ਅਮਰੀਕੀਆਂ ਕੋਲ ਹਨ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ ਦਾ ਸੰਵਿਧਾਨ ਲੋਕਾਂ ਨੂੰ ਬੰਦੂਕਾਂ ਰੱਖਣ ਦਾ ਅਧਿਕਾਰ ਦਿੰਦਾ ਹੈ। ਭਾਵ ਇੱਥੇ ਕੋਈ ਵੀ ਵਿਅਕਤੀ ਸਵੈ-ਰੱਖਿਆ ਲਈ ਹਥਿਆਰ ਰੱਖ ਸਕਦਾ ਹੈ। ਇਸ ਕਾਰਨ ਤੁਸੀਂ ਇੱਥੇ ਕਿਸੇ ਵੀ ਦੁਕਾਨ ਤੋਂ ਬੰਦੂਕ ਚੁੱਕ ਸਕਦੇ ਹੋ।
14 ਲੱਖ ਤੋਂ ਵੱਧ ਲੋਕਾਂ ਹੋ ਚੁੱਕੀ ਹੈ ਮੌਤ
ਰਿਪੋਰਟਾਂ ਮੁਤਾਬਕ, ਅਮਰੀਕਾ 'ਚ ਪਿਛਲੇ 50 ਸਾਲਾਂ 'ਚ ਬੰਦੂਕਾਂ ਨਾਲ 14 ਲੱਖ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਸਮੂਹਿਕ ਗੋਲੀਬਾਰੀ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਘਟਨਾਵਾਂ ਸ਼ਾਮਲ ਹਨ। ਫਿਲਹਾਲ ਕਤਲਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ।