ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਦੇਸ਼ ਦੀ ਪ੍ਰਵਾਸ ਨੀਤੀ ਦੀ ਕਾਇਆ ਕਲਪ ਕਰਨ ਲਈ ਮੈਰਿਟ ਆਧਾਰਤ ਇੰਮੀਗ੍ਰੇਸ਼ਨ ਲਾਗੂ ਕਰਨ ਦੀ ਸਲਾਹ ਦੇ ਸਕਦੇ ਹਨ। ਟਰੰਪ ਮੁਤਾਬਕ ਪਰਿਵਾਰਕ ਰਿਸ਼ਤਿਆਂ ਨੂੰ ਮਿਲਣ ਵਾਲੀ ਪਹਿਲ ਦੀ ਥਾਂ ਯੋਗਤਾ ਆਧਾਰਤ ਅੰਕ ਪ੍ਰਣਾਲੀ ਲਾਗੂ ਕੀਤੀ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਲੱਖਾਂ ਦੀ ਗਿਣਤੀ ਵਿੱਚ ਆਪਣੇ ਗਰੀਨ ਕਾਰਡ ਉਡੀਕ ਰਹੇ ਭਾਰਤੀਆਂ ਨੂੰ ਲਾਭ ਮਿਲ ਸਕਦਾ ਹੈ। ਟਰੰਪ ਇਸ ਬਾਰੇ ਐਲਾਨ ਵੀਰਵਾਰ ਨੂੰ ਕਰ ਸਕਦੇ ਹਨ।


ਮੀਡੀਆ ਰਿਪੋਰਟਾਂ ਮੁਤਾਬਕ ਇਹ ਸੁਝਾਅ ਟਰੰਪ ਦੇ ਜਵਾਈ ਤੇ ਰਾਸ਼ਟਰਪਤੀ ਦੇ ਸਲਾਹਕਾਰ ਜੇਰਡ ਕੁਸ਼ਨਰ ਦੇ ਦਿਮਾਗ ਦੀ ਉਪਜ ਹੈ। ਕੁਸ਼ਨਰ ਨੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਦੇਸ਼ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਪਹਿਲ ਦੇਣ ਦੀ ਤਜਵੀਜ਼ ਰੱਖੀ ਹੈ ਜੋ ਉਚੇਰੀ ਵਿੱਦਿਆ ਹਾਸਲ ਤੇ ਹੁਨਰ ਰੱਖਦੇ ਹੋਣ।

ਇਸ ਸਮੇਂ ਅਮਰੀਕਾ ਵਿੱਚ ਤਕਰੀਬਨ 66% ਗਰੀਨ ਕਾਰਡ ਪਰਿਵਾਰਕ ਰਿਸ਼ਤਿਆਂ ਨੂੰ ਮਿਲਦੀ ਪਹਿਲ ਦੇ ਆਧਾਰ 'ਤੇ ਹੀ ਦਿੱਤੇ ਜਾਂਦੇ ਹਨ ਤੇ ਸਿਰਫ 12% ਲੋਕ ਯੋਗਤਾ ਤੇ ਹੁਨਰ ਦੇ ਹਿਸਾਬ 'ਤੇ ਅਮਰੀਕਾ ਦੇ ਸਥਾਈ ਨਾਗਰਿਕ ਬਣਦੇ ਹਨ। ਬੇਸ਼ੱਕ, ਅਮਰੀਕੀ ਰਾਸ਼ਟਰਪਤੀ ਮੈਰਿਟ ਆਧਾਰਤ ਇਸ ਇੰਮੀਗ੍ਰੇਸ਼ਨ ਤਜਵੀਜ਼ ਨੂੰ ਪਾਸ ਕਰਨ ਲਈ ਉਹ ਆਪਣੇ ਸਾਥੀ ਰੀਪਬਲੀਕਨਜ਼ ਨੂੰ ਮਨਾ ਲੈਣ ਵਿੱਚ ਕਾਮਯਾਬ ਹੋ ਜਾਂਦੇ ਹਨ, ਪਰ ਉਨ੍ਹਾਂ ਸਾਹਮਣੇ ਡੈਮੋਕ੍ਰੈਟਸ ਨੇਤਾਵਾਂ ਦੀ ਪ੍ਰਧਾਨ ਨੈਨਸੀ ਪੇਲੋਸੀ, ਸਪੀਕਰ, ਸੈਨੇਟ 'ਚ ਘੱਟ ਗਿਣਤੀਆਂ ਦੇ ਲੀਡਰ ਚੱਕ ਸ਼ੂਮਰ ਆਦਿ ਖੜ੍ਹੇ ਹਨ, ਜੋ ਇਸ ਦੇ ਬਿਲਕੁਲ ਖ਼ਿਲਾਫ਼ ਹਨ।