ਵਾਸ਼ਿੰਗਟਨ: ਅਮਰੀਕਾ ਦੀ ਟਰੰਪ ਸਰਕਾਰ ਨੇ ਆਪਣੀ ਪ੍ਰਵਾਸ ਨੀਤੀ ਵਿੱਚ ਵੱਡੀ ਤਬਦੀਲੀ ਦੀ ਤਿਆਰੀ ਕਰ ਲਈ ਹੈ। ਟਰੰਪ ਪ੍ਰਸ਼ਾਸਨ ਨੇ ਹੁਣ ਮੈਰਿਟ ਆਧਾਰਤ ਪ੍ਰਵਾਸ ਨੂੰ ਪੰਜ ਗੁਣਾ ਤਕ ਵਧਾਉਣਾ ਤੇ ਪਰਿਵਾਰਕ ਸੱਦਿਆਂ ਤਹਿਤ ਹੋਣ ਵਾਲੇ ਪ੍ਰਵਾਸ ਨੂੰ ਅੱਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।

ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਤੇ ਟਰੰਪ ਦੀ ਧੀ ਇਵਾਂਕਾ ਟਰੰਪ ਦੇ ਪਤੀ ਜਾਰਡ ਕੁਸ਼ਨਰ ਨੇ ਕਿਹਾ ਹੈ ਕਿ ਇਸ ਨਵੀਂ ਨੀਤੀ ਨਾਲ ਹੁਨਰਮੰਦ ਲੋਕ ਆਉਣਗੇ। ਕੁਸ਼ਨਰ ਦਾ ਟੀਚਾ ਹੈ ਕਿ ਇਸ ਤਰ੍ਹਾਂ ਉਹ ਇੱਕ ਦਹਾਕੇ ਤਕ ਅਮਰੀਕਾ ਦੇ ਕਰ ਮਾਲੀਆ ਨੂੰ 500 ਬਿਲੀਅਨ ਤਕ ਵਧਾ ਸਕਣਗੇ।

ਕੁਸ਼ਨਰ ਨੇ ਕਿਹਾ ਕਿ ਅਮਰੀਕਾ ਦੀ ਪ੍ਰਵਾਸ ਨੀਤੀ ਬੇਹੱਦ ਪੁਰਾਣੀ ਹੈ ਤੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਹੁਨਰਮੰਦਾਂ ਨੂੰ ਪੂਰਾ ਮੌਕਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਇਸ ਸਮੇਂ ਸਿਰਫ਼ 12% ਲੋਕ ਹੀ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰਦੇ ਹਨ ਤੇ ਉਹ ਇਸ ਮੈਰਿਟ ਆਧਾਰਤ ਪ੍ਰਵਾਸ ਪ੍ਰਣਾਲੀ ਨੂੰ 57% ਤਕ ਲੈ ਕੇ ਜਾਣਗੇ।

ਪਿਛਲੇ ਸਾਲ ਤਕਰੀਬਨ 11 ਲੱਖ ਪ੍ਰਵਾਸੀਆਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਹੈ। ਹੁਣ ਅਮਰੀਕਾ ਦੀ ਟਰੰਪ ਸਰਕਾਰ ਮੈਰਿਟ ਆਧਾਰਤ ਪ੍ਰਵਾਸ ਨੀਤੀ ਰਾਹੀਂ ਵਧੇਰੇ ਹੁਨਰਮੰਦ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਿੱਚ ਥਾਂ ਦੇਣ ਦੀ ਤਿਆਰੀ ਵਿੱਚ ਹੈ।