ਪੱਛਮੀ ਸੂਡਾਨ ਦੇ ਮਾਰਰਾ ਪਹਾੜੀ ਖੇਤਰ ਵਿੱਚ ਭੂ-ਸਖਲਨ ਨੇ ਇੱਕ ਪੂਰੇ ਪਿੰਡ ਨੂੰ ਤਬਾਹ ਕਰ ਦਿੱਤਾ ਹੈ। 31 ਅਗਸਤ ਨੂੰ ਭਾਰੀ ਬਾਰਿਸ਼ ਤੋਂ ਬਾਅਦ ਆਏ ਇਸ ਭੂ-ਸਖਲਨ ਵਿੱਚ ਘੱਟੋ-ਘੱਟ 1,000 ਲੋਕਾਂ ਦੀ ਮੌਤ ਹੋ ਗਈ, ਜਦਕਿ ਸਿਰਫ਼ ਇੱਕ ਵਿਅਕਤੀ ਹੀ ਜਿਉਂਦਾ ਬਚਿਆ ਹੈ। ਇਹ ਜਾਣਕਾਰੀ ਸੂਡਾਨ ਲਿਬਰੇਸ਼ਨ ਮੂਵਮੈਂਟ/ਆਰਮੀ (SLM/A) ਨੇ ਸੋਮਵਾਰ ਨੂੰ ਦਿੱਤੀ।

ਪੂਰਾ ਪਿੰਡ ਖ਼ਤਮ ਹੋ ਗਿਆ

SLM/A ਦੇ ਨੇਤਾ ਅਬਦੁਲਵਾਹਿਦ ਮੁਹੰਮਦ ਨੂਰ ਨੇ ਦੱਸਿਆ ਕਿ ਇਹ ਪਿੰਡ ਹੁਣ ਪੂਰੀ ਤਰ੍ਹਾਂ ਮਿੱਟੀ ਵਿੱਚ ਦੱਬ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤਰ ਦਾਰਫ਼ੁਰ ਵਿੱਚ ਆਉਂਦਾ ਹੈ ਅਤੇ ਇਸ ਸਮੇਂ ਸੂਡਾਨੀ ਫ਼ੌਜ ਅਤੇ ਅਰਧਸੈਨਿਕ ਬਲ RSF (ਰੈਪਿਡ ਸਪੋਰਟ ਫੋਰਸਿਜ਼) ਵਿਚਕਾਰ ਚੱਲ ਰਹੇ ਯੁੱਧ ਨਾਲ ਪ੍ਰਭਾਵਿਤ ਹੈ। ਯੁੱਧ ਕਾਰਨ ਕਈ ਲੋਕ ਸੁਰੱਖਿਅਤ ਥਾਂ ਦੀ ਖੋਜ ਵਿੱਚ ਮਾਰਰਾ ਪਹਾੜੀਆਂ ਵੱਲ ਭੱਜੇ ਸਨ।

ਭੁੱਖ ਅਤੇ ਬਿਮਾਰੀਆਂ ਨਾਲ ਜੂਝ ਰਹੇ ਲੋਕ

SLM/A ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਹਿਲਾਂ ਹੀ ਖਾਣ-ਪੀਣ ਅਤੇ ਦਵਾਈਆਂ ਦੀ ਭਾਰੀ ਕਮੀ ਸੀ। ਇੱਥੇ ਲੋਕ ਯੁੱਧ ਤੋਂ ਆਪਣੀ ਜਾਨ ਬਚਾ ਕੇ ਸ਼ਰਣ ਲੈਣ ਆਏ ਸਨ, ਪਰ ਹੁਣ ਭੂ-ਸਖਲਨ ਨੇ ਉਨ੍ਹਾਂ ਦੀ ਆਖ਼ਰੀ ਉਮੀਦ ਵੀ ਖੋਹ ਲਈ ਹੈ।

ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਮਦਦ ਦੀ ਅਪੀਲਸੰਗਠਨ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਰਾਹਤ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਮਲਬੇ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਸਕੇ ਅਤੇ ਜੋ ਲੋਕ ਹੁਣ ਵੀ ਜਿਊਂਦੇ ਹਨ, ਉਨ੍ਹਾਂ ਨੂੰ ਤੁਰੰਤ ਰਾਹਤ ਮਿਲ ਸਕੇ। ਮਰਨ ਵਾਲਿਆਂ ਵਿੱਚ ਮਰਦ, ਔਰਤਾਂ ਅਤੇ ਬੱਚੇ ਸ਼ਾਮਲ ਹਨ।

ਯੁੱਧ ਤੋਂ ਤਬਾਹੀ ਦੀ ਪਿਛੋਕੜਪਿਛਲੇ ਦੋ ਸਾਲਾਂ ਤੋਂ ਸੂਡਾਨ ਵਿੱਚ ਗ੍ਰਹਿ-ਯੁੱਧ ਜਾਰੀ ਹੈ। ਸੂਡਾਨੀ ਫ਼ੌਜ ਅਤੇ RSF ਵਿਚਕਾਰ ਚੱਲ ਰਹੀ ਲੜਾਈ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ। ਦੇਸ਼ ਦੀ ਅੱਧ ਤੋਂ ਵੱਧ ਆਬਾਦੀ ਭੁੱਖਮਰੀ ਦੇ ਕਗਾਰ 'ਤੇ ਹੈ ਅਤੇ ਲੱਖਾਂ ਲੋਕ ਆਪਣੇ ਘਰ ਛੱਡ ਕੇ ਪਲਾਇਨ ਕਰ ਚੁੱਕੇ ਹਨ। ਦਾਰਫ਼ੁਰ ਦਾ ਮੁੱਖ ਸ਼ਹਿਰ ਅਲ-ਫ਼ਾਸ਼ਿਰ ਇਸ ਸਮੇਂ ਯੁੱਧ ਦੀ ਚਪੇਟ ਵਿੱਚ ਹੈ ਅਤੇ ਉੱਥੇ ਲਗਾਤਾਰ ਹਮਲੇ ਹੋ ਰਹੇ ਹਨ।