WHO Alert: ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਭਿਆਨਕ ਬਿਮਾਰੀ ਦੇ ਖਤਰੇ ਨੂੰ ਦੇਖਦਿਆ ਵਿਸ਼ਵ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। WHO ਨੇ ਮੰਗਲਵਾਰ ਬਿਆਨ ਜਾਰੀ ਕਰਦਿਆ ਕਿਹਾ ਕਿ ਹੈਪੇਟਾਈਟਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਇਹ ਬਿਮਾਰੀ ਹਰ ਸਾਲ ਦੁਨੀਆ ਭਰ ਵਿੱਚ 13 ਲੱਖ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਇਹ ਤਪਦਿਕ ਵਰਗੀਆਂ ਬਿਮਾਰੀਆਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ, ਜਿਸ ਨੂੰ ਛੂਤ ਕਾਰਨ ਹੋਣ ਵਾਲੀਆਂ ਮੌਤਾਂ ਦਾ ਇੱਕ ਹੋਰ ਵੱਡਾ ਕਾਰਨ ਮੰਨਿਆ ਜਾਂਦਾ ਹੈ।


' WHO 2024 ਗਲੋਬਲ ਹੈਪੇਟਾਈਟਸ ਰਿਪੋਰਟ' ਵਿਚ ਕਿਹਾ ਗਿਆ ਹੈ ਕਿ 187 ਦੇਸ਼ਾਂ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਵਾਇਰਲ ਹੈਪੇਟਾਈਟਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2019 ਵਿਚ 11 ਲੱਖ ਤੋਂ ਵੱਧ ਕੇ 2022 ਵਿਚ 13 ਲੱਖ ਹੋਣ ਦਾ ਅਨੁਮਾਨ ਹੈ। ਇਨ੍ਹਾਂ ਵਿੱਚੋਂ 83 ਫ਼ੀਸਦੀ ਮੌਤਾਂ ਹੈਪੇਟਾਈਟਸ ਬੀ ਅਤੇ 17 ਫ਼ੀਸਦੀ ਹੈਪੇਟਾਈਟਸ ਸੀ ਕਾਰਨ ਹੋਈਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੈਪੇਟਾਈਟਸ ਬੀ ਅਤੇ ਸੀ ਦੀ ਲਾਗ ਕਾਰਨ ਦੁਨੀਆ ਭਰ ਵਿਚ ਹਰ ਰੋਜ਼ 3,500 ਲੋਕ ਮਰ ਰਹੇ ਹਨ।


ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਕਿਹਾ ਕਿ ਰਿਪੋਰਟ ਚਿੰਤਾਜਨਕ ਤਸਵੀਰ ਪੇਸ਼ ਕਰਦੀ ਹੈ। ਹੈਪੇਟਾਈਟਸ ਦੀ ਲਾਗ ਨੂੰ ਰੋਕਣ ਲਈ ਵਿਸ਼ਵ ਪੱਧਰ 'ਤੇ ਉਪਰਾਲੇ ਕੀਤੇ ਗਏ ਹਨ, ਪਰ ਮੌਤਾਂ ਦੀ ਗਿਣਤੀ ਅਜੇ ਵੀ ਵਧ ਰਹੀ ਹੈ। ਹੈਪੇਟਾਈਟਸ ਵਾਲੇ ਬਹੁਤ ਘੱਟ ਲੋਕਾਂ ਦਾ ਨਿਦਾਨ ਅਤੇ ਇਲਾਜ ਕੀਤਾ ਜਾ ਰਿਹਾ ਹੈ। WHO ਦੇਸ਼ਾਂ ਨੂੰ ਉਨ੍ਹਾਂ ਦੇ ਨਿਪਟਾਰੇ 'ਤੇ ਸਾਰੇ ਸਾਧਨਾਂ ਦੀ ਵਰਤੋਂ ਕਰਕੇ ਸਹਾਇਤਾ ਕਰਨ ਲਈ ਵਚਨਬੱਧ ਹੈ।


ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਣ ਜਾਂਚ ਅਤੇ ਇਲਾਜ ਲਈ ਬਿਹਤਰ ਉਪਕਰਨ ਉਪਲਬਧ ਹਨ ਅਤੇ ਇਨ੍ਹਾਂ ਦੀਆਂ ਕੀਮਤਾਂ ਵੀ ਘੱਟ ਰਹੀਆਂ ਹਨ। ਪਰ ਟੈਸਟਿੰਗ ਅਤੇ ਇਲਾਜ ਕਵਰੇਜ ਦਰਾਂ ਵਿੱਚ ਵਾਧਾ ਨਹੀਂ ਹੋਇਆ ਹੈ। ਪਰ ਏਜੰਸੀ ਨੇ ਇਹ ਵੀ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ ਤਾਂ 20230 ਤੱਕ ਹੈਪੇਟਾਈਟਸ ਦੇ ਖਾਤਮੇ ਦੇ ਟੀਚੇ ਤੱਕ ਪਹੁੰਚਣਾ ਸੰਭਵ ਹੋ ਸਕਦਾ ਹੈ। WHO ਮੁਖੀ ਨੇ ਕਿਹਾ, ਵਿਸ਼ਵ ਸਿਹਤ ਸੰਸਥਾ ਸਾਰੇ ਦੇਸ਼ਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਉਹ ਹਰ ਉਪਲਬਧ ਉਪਾਅ ਕਰ ਸਕਣ।