China Covid Cases: ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨੇ ਚੀਨ ਤੋਂ ਆਏ ਤਾਜ਼ਾ ਕੋਵਿਡ ਅੰਕੜਿਆਂ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਚੀਨ ਨੂੰ ਕੋਵਿਡ ਜਿੱਥੋਂ ਸ਼ੁਰੂ ਹੋਇਆ, ਉਸ 'ਤੇ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ। ਟੇਡਰੋਸ ਅਦਨੋਮ ਨੇ ਸ਼ਨੀਵਾਰ ਨੂੰ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਨਿਰਦੇਸ਼ਕ ਮੰਤਰੀ ਮਾ ਸ਼ਿਆਓਵੇਈ ਨਾਲ ਗੱਲਬਾਤ ਕਰਦੇ ਹੋਏ ਇਹ ਗੱਲਾਂ ਕਹੀਆਂ।
ਡਬਲਯੂਐਚਓ ਮੁਖੀ ਨੇ ਟਵੀਟ ਕੀਤਾ, "ਚੀਨ ਵਿੱਚ ਕੋਰੋਨਾ ਦੀ ਸਥਿਤੀ ਬਾਰੇ ਮੰਤਰੀ ਮਾ ਸ਼ਿਆਓਵੇਈ ਨਾਲ ਗੱਲ ਕੀਤੀ। ਮੈਂ ਚੀਨ ਵੱਲੋਂ ਕੋਰੋਨਾ ਬਾਰੇ ਵਿਸਤ੍ਰਿਤ ਜਾਣਕਾਰੀ ਜਾਰੀ ਕਰਨ ਦੀ ਸ਼ਲਾਘਾ ਕਰਦਾ ਹਾਂ। ਅਸੀਂ ਇਸਨੂੰ ਜਾਰੀ ਰੱਖਣ ਦੀ ਬੇਨਤੀ ਕਰਦੇ ਹਾਂ। ਵਾਇਰਸ ਦੀ ਉਤਪੱਤੀ ਨੂੰ ਹੋਰ ਸਮਝ ਅਤੇ ਸਹਿਯੋਗ ਲਈ ਕਿਹਾ।"
ਇੱਕ ਮਹੀਨੇ 'ਚ 60,000 ਹੋਈਆਂ ਮੌਤਾਂ
ਡਾਕਟਰ ਟੇਡਰੋਸ ਅਡਾਨੋਮ ਅਤੇ ਮੰਤਰੀ ਮਾ ਸ਼ਿਆਓਵੇਈ ਦੀ ਗੱਲ ਅਜਿਹੇ ਸਮੇਂ 'ਚ ਆਈ ਹੈ ਜਦੋਂ ਚੀਨ ਨੇ ਸ਼ਨੀਵਾਰ ਨੂੰ ਹੀ ਐਲਾਨ ਕੀਤਾ ਕਿ ਦੇਸ਼ 'ਚ ਪਿਛਲੇ ਇਕ ਮਹੀਨੇ 'ਚ ਕਰੀਬ 60,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੀ ਸਰਕਾਰ ਨੇ ਪਿਛਲੇ ਮਹੀਨੇ ਦਸੰਬਰ ਦੀ ਸ਼ੁਰੂਆਤ ਵਿੱਚ ਕੋਰੋਨਾ ਨਿਯਮਾਂ ਵਿੱਚ ਢਿੱਲ ਦਿੱਤੀ ਸੀ। ਉਸ ਤੋਂ ਬਾਅਦ, ਇਹ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਪਹਿਲੀ ਵੱਡੀ ਗਿਣਤੀ ਹੈ।
ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਮੈਡੀਕਲ ਪ੍ਰਸ਼ਾਸਨ ਬਿਊਰੋ ਦੇ ਮੁਖੀ ਜ਼ਿਆਓ ਯਾਹੂਈ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਚੀਨ ਵਿੱਚ 8 ਦਸੰਬਰ, 2022 ਤੋਂ ਇਸ ਸਾਲ 12 ਜਨਵਰੀ ਤੱਕ ਕੋਵਿਡ ਨਾਲ ਸਬੰਧਤ 59,938 ਮੌਤਾਂ ਦਰਜ ਕੀਤੀਆਂ ਗਈਆਂ। ਇਹ ਅੰਕੜਾ ਸਿਰਫ ਮੈਡੀਕਲ ਸਹੂਲਤਾਂ ਵਿੱਚ ਦਰਜ ਹੋਈਆਂ ਮੌਤਾਂ ਨੂੰ ਦਰਸਾਉਂਦਾ ਹੈ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੇ ਅਣਗਿਣਤ ਮਾਮਲੇ ਹੋਣਗੇ। ਜੋ ਅਜੇ ਤੱਕ ਪ੍ਰਗਟ ਨਹੀਂ ਹੋਏ ਹਨ।
ਜ਼ੀਰੋ ਕੋਵਿਡ ਨੀਤੀ ਨੂੰ ਦਿੱਤਾ ਗਿਆ ਸੀ ਹਟਾ
ਇੱਕ ਮਹੀਨੇ ਵਿੱਚ ਹੋਈਆਂ 60,000 ਮੌਤਾਂ ਵਿੱਚੋਂ 5,503 ਅਜਿਹੇ ਕੇਸ ਹਨ, ਜਿਨ੍ਹਾਂ ਦੀ ਮੌਤ ਸਾਹ ਲੈਣ ਵਿੱਚ ਤਕਲੀਫ਼ ਕਾਰਨ ਹੋਈ ਸੀ। ਇਸ ਤੋਂ ਇਲਾਵਾ 54 ਹਜ਼ਾਰ 435 ਮਾਮਲੇ ਅਜਿਹੇ ਹਨ, ਜਿਨ੍ਹਾਂ ਦੀ ਮੌਤ ਕੋਰੋਨਾ ਤੋਂ ਇਲਾਵਾ ਹੋਰ ਬਿਮਾਰੀਆਂ ਕਾਰਨ ਹੋਈ ਹੈ। ਚੀਨ 'ਤੇ ਦਸੰਬਰ ਦੇ ਸ਼ੁਰੂ ਵਿਚ ਆਪਣੀ ਜ਼ੀਰੋ ਕੋਵਿਡ ਨੀਤੀ ਨੂੰ ਛੱਡਣ ਤੋਂ ਬਾਅਦ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਗਿਆ ਹੈ।