ਵਾਸ਼ਿੰਗਟਨ: 33 ਸਾਲ ਤਕ ਇੱਕ ਮਹਿਲਾ ਡੈਬਰਾ ਜਿਸ ਅੰਗੂਠੀ ਨੂੰ ਆਮ ਕੱਚ ਦੀ ਸਮਝਦੀ ਰਹੀ, ਜਾਂਚ ਕਰਵਾਉਣ ਬਾਅਦ ਉਹ 68 ਕਰੋੜ ਦੀ ਕੀਮਤ ਵਾਲੇ ਹੀਰੇ ਦੀ ਅੰਗੂਠੀ ਨਿਕਲੀ। ਅੰਗੂਠੀ ਵਧੀਆ ਕੁਆਲਟੀ ਦੀ ਤੇ 26.27 ਕੈਰੇਟ ਦੀ ਸੀ। ਖ਼ਾਸ ਗੱਲ ਇਹ ਸੀ ਕਿ ਅੰਗੂਠੀ ਵੇਚਣ ਦਾ ਫੈਸਲਾ ਡੈਬਰਾ ਨੇ ਉਸ ਵੇਲੇ ਲਿਆ, ਜਦੋਂ ਕੁਝ ਠੱਗਾਂ ਨੇ ਉਸ ਦੀ ਮਾਂ ਕੋਲੋਂ ਪੈਸੇ ਹਥਿਆ ਲਏ ਸੀ।


ਡੈਬਰਾ ਨੇ ਦੱਸਿਆ ਕਿ ਕੱਚ ਦੀ ਸਮਝ ਕੇ ਉਸ ਨੇ 15 ਸਾਲਾਂ ਤੋਂ ਅੰਗੂਠੀ ਨਹੀਂ ਪਾਈ ਸੀ ਪਰ ਮਾਂ ਨਾਲ ਹੋਈ ਘਟਨਾ ਬਾਅਦ ਉਸ ਨੂੰ ਅੰਗੂਠੀ ਵੇਚਣ ਲਈ ਸੁਨਿਆਰੇ ਕੋਲ ਜਾਣਾ ਪਿਆ। ਉਸ ਨੇ ਦੱਸਿਆ ਕਿ ਅੰਗੂਠੀ ਵੇਚ ਕੇ ਉਸ ਨੂੰ ਕੁਝ ਪੈਸੇ ਮਿਲਣ ਦੀ ਉਮੀਦ ਸੀ ਪਰ ਜਾਂਚ ਹੋਈ ਤਾਂ ਪਤਾ ਲੱਗਿਆ ਉਹ ਹੀਰੇ ਦੀ ਅੰਗੂਠੀ ਸੀ।

ਉਸ ਨੇ ਦੱਸਿਆ ਕਿ ਇਹ ਜਾਣ ਕੇ ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ। ਹਾਲਾਂਕਿ ਬਾਅਦ ਵਿੱਚ ਕੁਝ ਲੋਕਾਂ ਦੀ ਸਲਾਹ ਨਾਲ ਉਸ ਨੇ ਅੰਗੂਠੀ ਨਿਲਾਮ ਕਰਨ ਦਾ ਫੈਸਲਾ ਕੀਤਾ। ਨਿਲਾਮੀ ਦੀ ਉਸ ਨੂੰ ਮੋਟੀ ਰਕਮ ਮਿਲੀ।

ਨਿਲਾਮੀ ਦੀ ਰਕਮ ਨਾਲ ਉਸ ਨੇ ਆਪਣੀ ਮਾਂ ਲਈ ਕਈ ਤੋਹਫੇ ਖਰੀਦੇ ਤੇ ਇਸ ਦੇ ਨਾਲ ਹੀ ਆਪਣੇ ਲਈ ਜਵੈਲਰੀ ਕੰਪਨੀ ਵੀ ਖੋਲ੍ਹ ਲਈ। ਇਸ ਵਿੱਚ ਛਿਪੇ ਹੋਏ ਕੀਮਤੀ ਰਤਨਾਂ ਦੀ ਖੋਜ ਕੀਤੀ ਜਾਂਦੀ ਹੈ। ਉਸ ਨੇ ਕਿਤਾਬ ਵੀ ਲਿਖੀ ਹੈ ਜਿਸ ਤੋਂ ਉਸ ਨੂੰ ਕਾਫੀ ਕਮਾਈ ਦੀ ਉਮੀਦ ਹੈ।