ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਜੇ ਦੁਨੀਆ ਨੂੰ ਔਰਤਾਂ ਚਲਾਉਣ ਤਾਂ ਲੋਕਾਂ ਦੇ ਜੀਵਨ ਦਾ ਮਿਆਰ ਕਾਫ਼ੀ ਉੱਚਾ ਦੇਖਣ ਨੂੰ ਮਿਲਦਾ ਤੇ ਹਰ ਪਾਸੇ ਚੰਗੇ ਨਤੀਜੇ ਹੁੰਦੇ। ਸਿੰਗਾਪੁਰ ਦੇ ਇੱਕ ਪ੍ਰੋਗਰਾਮ ਦੌਰਾਨ ਓਬਾਮਾ ਨੇ ਕਿਹਾ ਹੋ ਸਕਦਾ ਹੈ ਕਿ ਔਰਤਾਂ ਸਭ ਤੋਂ ਵਧੀਆ ਨਾ ਹੋਣ ਪਰ ਇਹ ਗੱਲ ਸਾਫ਼ ਹੈ ਕਿ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ।


ਓਬਾਮਾ ਨੇ ਕਿਹਾ ਜੇ ਸਿਰਫ਼ ਦੋ ਸਾਲ ਲਈ ਹੀ ਹਰ ਦੇਸ਼ ਦੀ ਵਾਗ ਡੋਰ ਔਰਤਾਂ ਦੇ ਹੱਥ 'ਚ ਦੇ ਦਿੱਤੀ ਜਾਵੇ ਤਾਂ ਹਰ ਪਾਸੇ ਸੁਧਾਰ ਵੇਖਣ ਨੂੰ ਮਿਲੇਗਾ। ਇਸ ਨਾਲ ਲੋਕਾਂ ਦੇ ਜੀਵਨ ਦਾ ਮਿਆਰ ਵੀ ਸੁਧਰੇਗਾ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅੱਜ ਤੁਹਾਨੂੰ ਕਿਤੇ ਵੀ ਕੋਈ ਪ੍ਰੇਸ਼ਾਨੀ ਦਿਖੇ ਤਾਂ ਸਮਝ ਲੈਣਾ ਕਿ ਇਹ ਸਮੱਸਿਆ ਉਨ੍ਹਾਂ ਬਜ਼ੁਰਗ ਪੁਰਸ਼ਾਂ ਕਰਕੇ ਹੈ ਜੋ ਰਸਤੇ ਤੋਂ ਹਟਣਾ ਨਹੀਂ ਚਾਹੁੰਦੇ।

ਉਨ੍ਹਾਂ ਕਿਹਾ, "ਰਾਜਨੇਤਾਵਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੰਮ ਕਰਨਾ ਹੈ, ਉਹ ਕਿਸੇ ਵੀ ਅਹੁਦੇ ਤੇ ਜੰਮ ਕੇ ਬੈਠਣ ਲਈ ਨਹੀਂ ਬਣੇ ਤੇ ਨਾ ਹੀ ਆਪਣੀ ਤਾਕਤ ਤੇ ਅਹਿਮੀਅਤ ਵਧਾਉਣ ਲਈ ਬੈਠੇ ਹਨ।"