ਲੰਡਨ: ਪੰਜਾਬੀ ਮੂਲ ਦੇ ਯੂ.ਕੇ. ਵਾਸੀ ਨੇ ਦੁਨੀਆ ਵਿੱਚ ਸਭ ਤੋਂ ਲੰਬੀ ਉਮਰ ਦੇ ਵਿਆਹ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਕਰਮ ਚੰਦ (110) ਦੀ ਆਪਣੇ 111ਵੇਂ ਜਨਮ ਦਿਨ ਤੋਂ ਸਿਰਫ ਛੇ ਹਫਤੇ ਪਹਿਲਾਂ ਪਿਛਲੇ ਹਫਤੇ ਹੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਚੰਦ ਤੇ ਉਨ੍ਹਾਂ ਦੀ ਪਤਨੀ ਕਰਤਾਰੀ (103) ਨੇ ਪਿਛਲੇ ਸਾਲ ਆਪਣੇ ਵਿਆਹ ਦੀ 90ਵੀਂ ਵਰ੍ਹੇਗੰਡ ਮਨਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਪਰਿਵਾਰ ਮੈਂਬਰਾਂ ਮੁਤਾਬਕ, ਇਸ ਜੋੜੇ ਨੇ ਕਦੇ ਵੀ ਇੱਕ-ਦੂਜੇ ਨਾਲ ਬਹਿਸ ਨਹੀਂ ਕੀਤੀ। ਉਹ ਬ੍ਰੈਡਫੋਰਡ ਦੇ ਨੇੜੇ ਗਰਲਿੰਗਟਨ ਵਿਖੇ ਆਪਣੇ ਘਰ ਵਿੱਚ ਆਪਣੇ ਪੁੱਤਰ ਪਾਲ ਨਾਲ ਰਹਿੰਦੇ ਸਨ। ਕਰਮ ਚੰਦ ਦਾ ਜਨਮ 1905 ਵਿੱਚ ਕਿਸਾਨ ਪਰਿਵਾਰ ਵਿੱਚ ਹੋਈਆ ਸੀ। ਉਸ ਵੇਲੇ ਬ੍ਰਿਟਿਸ਼ ਰਾਜ ਸੀ। 1925 ਵਿੱਚ ਚੰਦ ਦਾ ਵਿਆਹ ਸਿੱਖ ਰਿਵਾਜਾਂ ਮੁਤਾਬਕ ਕਰਤਾਰੀ ਨਾਲ ਹੋਇਆ ਸੀ। 1925 ਵਿੱਚ ਪਾਲ ਤੇ ਉਸ ਦੀ ਪਤਨੀ ਬ੍ਰੈਡਫੋਰਡ ਵਿੱਚ ਆ ਗਏ ਤੇ ਇੱਥੇ ਉਨ੍ਹਾਂ ਨੇ ਕੱਪੜਾ ਮਿੱਲ ਦਾ ਕਾਰੋਬਾਰ ਸ਼ੁਰੂ ਕੀਤਾ ਸੀ। ਹੁਣ ਇੱਥੇ ਪਾਲ ਦੀਆਂ ਚਾਰ ਪੀੜੀਆਂ ਵੱਸੀਆਂ ਹੋਈਆਂ ਹਨ। ਪਿਛਲੇ ਹਫਤੇ ਹੋਈ ਚੰਦ ਦੀ ਮੌਤ ਨਾਲ ਚੰਦ ਦਾ ਵਿਆਹ 90 ਸਾਲ ਤੇ 291 ਦਿਨ ਤੱਕ ਚੱਲਿਆ ਹੈ। ਇਸ ਨੂੰ ਵਰਲਡ ਰਿਕਾਰਡ ਮੰਨਿਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਗਿਨੀਜ਼ ਬੁੱਕ ਵਿੱਚ ਇਹ ਦਰਜ ਨਹੀਂ ਹੈ। ਗਿੰਨੀਜ਼ ਵਿੱਚ ਹੁਣ ਤੱਕ 86 ਸਾਲਾ ਵਿਆਹ ਦਾ ਵਰਲਡ ਰਿਕਾਰਡ ਦਰਜ ਹੈ।