ਸ੍ਰੀਲੰਕਾ ਦੇ ਕੋਲੰਬੋ ਸ਼ਹਿਰ 'ਚ ਇਕ ਸ਼ਖਸ ਨੂੰ ਘਰ 'ਚ ਖੂਹ ਪੱਟਣ ਦੌਰਾਨ ਅਜਿਹਾ ਬੇਸ਼ਕੀਮਤੀ ਨੀਲਮ ਪ੍ਰਾਪਤ ਹੋਇਆ ਜਿਸ ਨਾਲ ਰਾਤੋ ਰਾਤ ਉਸ ਦੀ ਕਿਸਮਤ ਬਦਲ ਗਈ। ਅੰਤਰ-ਰਾਸ਼ਟਰੀ ਬਜ਼ਾਰ 'ਚ ਇਸ 510 ਕਿਲੋਗ੍ਰਾਮ ਦੇ ਨੀਲਮ ਦੀ ਕੀਮਤ ਕਰੀਬ 7 ਅਰਬ, 43 ਕਰੋੜ, 78 ਲੱਖ, 60 ਹਜ਼ਾਰ, 769 ਰੁਪਏ ਦੱਸੀ ਜਾ ਰਹੀ ਹੈ।


ਸ੍ਰੀਲੰਕਾ ਦੇ ਕੌਮੀ ਰਤਨ ਤੇ ਗਹਿਣਿਆਂ ਦੀ ਅਥਾਰਿਟੀ ਦਾ ਕਹਿਣਾ ਹੈ ਕਿ 510 ਕਿੱਲੋ ਦੇ ਇਸ ਬੇਸ਼ਕੀਮਤੀ ਪੱਥਰ ਨੂੰ ਖਰੀਦਣ ਲਈ ਵਿਦੇਸ਼ਾਂ ਤੋਂ ਬੋਲੀਆਂ ਲੱਗ ਰਹੀਆਂ ਹਨ। ਫਿਲਹਾਲ ਇਸ ਨੂੰ ਕੋਲੰਬੋ ਦੇ ਇਕ ਬੈਂਕ ਦੀ ਤਿਜੋਰੀ 'ਚ ਰੱਖਿਆ ਗਿਆ ਹੈ।


ਇਨ੍ਹਾਂ ਕੀਮਤੀ ਪੱਥਰਾਂ ਦਾ ਵਪਾਰ ਕਰਨ ਵਾਲੇ ਇਕ ਕਾਰੋਬਾਰੀ ਨੇ ਦੱਸਿਆ ਕਿ ਇਹ ਪੱਥਰ ਘਰ ਦੇ ਪਿੱਛੇ ਖੂਹ ਦੀ ਖੁਦਾਈ ਦੌਰਾਨ ਰਤਨਪੁਰਾ ਸ਼ਹਿਰ 'ਚ ਮਿਲਿਆ ਹੈ। ਖੁਦਾਈ ਦੌਰਾਨ ਮਿਲੇ ਨੀਲਮ ਨੂੰ ਸਿਰੇਨਡੀਪਿਟੀ ਦਾ ਨਾਂਅ ਦਿੱਤਾ ਗਿਆ ਹੈ।


ਇਸ 25 ਲੱਖ ਕੈਰੇਟ ਨੀਲਮ ਦੇ ਮਾਲਕ ਡਾ.ਗਮਾਗੇ ਦੱਸਦੇ ਹਨ ਕਿ ਖੂਹ ਪੁੱਟ ਰਹੇ ਮਜਦੂਰਾਂ ਨੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਸ ਨੂੰ ਕੱਢ ਲਿਆ ਗਿਆ। ਪੱਥਰ ਦੇ ਮਾਲਕ ਡਾ.ਗਮਾਗੇ ਵੀ ਕੀਮਤੀ ਪੱਥਰਾਂ ਦੇ ਮਾਲਕ ਹਨ। ਇਸ ਪੱਥਰ ਦੇ ਮਿਲਣ ਮਗਰੋਂ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਅਥਾਰਿਟੀ ਨੂੰ ਦਿੱਤੀ।


ਉਨ੍ਹਾਂ ਦਾ ਕਹਿਣਾ ਹੈ ਕਿ ਪੱਥਰ ਨੂੰ ਸਾਫ ਕਰਨ ਤੇ ਗੰਦਗੀ ਹਟਾਉਣ 'ਚ ਇਕ ਸਾਲ ਲੱਗ ਜਾਵੇਗਾ। ਇਸ ਤੋਂ ਬਾਅਦ ਹੀ ਇਸ ਦਾ ਵਿਸ਼ਲੇਸ਼ਣ ਕਰਕੇ ਰਜਿਸਟ੍ਰੇਸ਼ਨ ਹੋ ਸਕੇਗੀ। ਉਨ੍ਹਾਂ ਦੱਸਿਆ ਪੱਥਰ ਦੀ ਸਫਾਈ ਕਰਦੇ ਸਮੇਂ ਕੁਝ ਟੁਕੜੇ ਡਿੱਗ ਗਏ ਸਨ। ਜਿੰਨ੍ਹਾਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਬੇਸ਼ਕੀਮਤੀ ਪੱਥਰ ਹੈ।


ਐਨਜੀਜੇਏ ਦੇ ਪ੍ਰਤੀਨਿਧੀ ਦੱਸਦੇ ਹਨ ਕਿ ਇਹ ਇਕ ਵਿਸ਼ੇਸ਼ ਨੀਲਮ ਹੈ ਜੋ ਸ਼ਾਇਦ ਦੁਨੀਆਂ 'ਚ ਸਭ ਤੋਂ ਵੱਡਾ ਹੈ। ਜੋ 100 ਸੈਂਟੀਮੀਟਰ ਲੰਬਾ, 72 ਸੈਂਟੀਮੀਟਰ ਚੌੜਾ ਤੇ 50 ਸੈਂਟੀਮੀਟਰ ਉੱਚਾ ਹੈ। ਐਨਜੀਜੇਏ ਨੇ ਇਹ ਵੀ ਦੱਸਿਆ ਕਿ ਇਸ ਪੱਥਰ ਦੇ ਮਾਲਕ ਡਾ.ਗਮਾਗੇ  ਹਨ, ਕਿਉਂਕਿ ਇਹ ਉਨ੍ਹਾਂ ਦੀ ਜਾਇਦਾਦ 'ਚੋਂ ਕੱਢਿਆ ਗਿਆ ਹੈ।