Simranjit Singh Mann: ਪੰਜਾਬ ਅੰਦਰ ਥਾਂ-ਥਾਂ ਲਿਖੇ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਬਾਰੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਦੇਸ਼ ਦਾ ਮਾਹੌਲ ਖ਼ਰਾਬ ਕਰਨ ਲਈ ਕਿਸੇ ਨੂੰ ਭੜਕਾਉਣਾ ਗ਼ਲਤ ਹੈ, ਇਸ ਮਸਲੇ ’ਤੇ ਸੁਪਰੀਮ ਕੋਰਟ ਵੱਲੋਂ ਵੀ ਸਥਿਤੀ ਸਪੱਸ਼ਟ ਕੀਤੀ ਜਾ ਚੁੱਕੀ ਹੈ।
ਦਰਅਸਲ ਪੰਜਾਬ ਅੰਦਰ ਥਾਂ-ਥਾਂ ਲਿਖੇ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹਨ। ਵਿਰੋਧੀ ਧਿਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੀ ਗੱਲ ਕਰਨਾ ਜੁਰਮ ਨਹੀਂ ਹੈ। ਸਿਮਰਨਜੀਤ ਸਿੰਘ ਮਾਨ ਨੇ ਸੰਸਦ ਮੈਂਬਰ ਬਣਨ ਮਗਰੋਂ ਵੀ ਸਪਸ਼ਟ ਕੀਤਾ ਸੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਰਹਿਣਗੇ।
ਮਾਨ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬੇਅਦਬੀ ਘਟਨਾਵਾਂ ਦੀ ਜਨਤਕ ਕੀਤੀ ਰਿਪੋਰਟ ਨੂੰ ਮੁੱਢੋਂ ਨਕਾਰਦਿਆਂ ਦੋਸ਼ ਲਾਇਆ ਕਿ ਕਥਿਤ ਬੇਅਦਬੀ ਕਰਵਾਉਣ ਵਾਲੇ ਬਾਦਲ ਪਰਿਵਾਰ ਤੇ ਉਸ ਸਮੇਂ ਦੀ ਸਰਕਾਰ ਦੇ ਨੁਮਾਇੰਦਿਆਂ ਦਾ ਸਿੱਧਾ ਹੱਥ ਹੈ ਤੇ ਆਉਂਦੇ ਦਿਨਾਂ ਵਿੱਚ ਬੇਅਦਬੀ ਮਾਮਲਿਆਂ ’ਚ ਇਨਸਾਫ਼ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲਾਂ ਵਿੱਚ ਇੰਡਸਟਰੀ ਲਾਉਣਾ ਗਲਤ ਹੈ। ਉਨ੍ਹਾਂ ਦੀਪ ਸਿੱਧੂ, ਸਿੱਧੂ ਮੂਸੇਵਾਲਾ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜਾਂਚ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਸੁਖਬੀਰ ਬਾਦਲ ਦਾ ਅਤਿ ਨਜ਼ਦੀਕੀ ਰਿਹਾ ਹੈ, ਜਿਸ ਕਰਕੇ ਸਿੱਧੂ ਮੂਸੇਵਾਲਾ ਕਤਲ ਦੀ ਜਾਂਚ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸੱਤਾ ਧਿਰ ਦੇ ਨੁਮਾਇੰਦੇ ਨੂੰ ਹਰਾ ਕੇ ਸੰਗਰੂਰ ਲੋਕ ਸਭਾ ਦੀ ਉਪ ਚੋਣ ਜਿੱਤਣ ਦਾ ਮਤਲਬ ਹੈ ਕਿ ਲੋਕ ਪੰਜਾਬ ਦੇ ਮੌਜੂਦਾ ਸਿਸਟਮ ਤੋਂ ਖੁਸ਼ ਨਹੀਂ ਹਨ।
ਉਨ੍ਹਾਂ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਸਬੰਧੀ ਕੀਤੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਦਿਵਾਸੀ ਪਰਿਵਾਰ ਵਿੱਚੋਂ ਉੱਠ ਕੇ ਰਾਸ਼ਟਰਪਤੀ ਦੀ ਚੋਣ ਲੜਨ ਵਾਲੇ ਦਰੋਪਤੀ ਮੁਰਮੂ ਤੋਂ ਆਦਿਵਾਸੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਆਸ ਬੱਝੀ ਹੈ ਤੇ ਉਹ ਜਲਦ ਵੋਟ ਪਾਉਣ ਦਾ ਫ਼ੈਸਲਾ ਕਰਨਗੇ।