ਪਟਿਆਲਾ: ਪਟਿਆਲਾ 'ਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੰਦੀਪ ਵਾਸੀ ਖ਼ਾਲਸਾ ਮੁਹੱਲਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਕੋਤਵਾਲੀ ਪੁਲਿਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਕੋਤਵਾਲੀ ਇੰਚਾਰਜ ਇੰਦਰਪਾਲ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਮਕੈਨਿਕ ਸੰਦੀਪ ਅਤੇ ਇੰਦਰ ਕੁਮਾਰ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। 
 
ਇਹ ਮਾਮਲਾ ਡਿਵੀਜ਼ਨ ਨੰਬਰ ਦੋ ਪੁਲੀਸ ਚੌਂਕੀ ਕੋਲ ਵੀ ਦਰਜ ਕਰਵਾਇਆ ਗਿਆ ਸੀ। ਉਸ ਸਮੇਂ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ। ਅੱਜ ਸੋਮਵਾਰ ਨੂੰ ਜੁੱਤੀ ਬਾਜ਼ਾਰ ਵਿੱਚ ਇੰਦਰ ਅਤੇ ਸੰਦੀਪ ਫਿਰ ਆਹਮੋ ਸਾਹਮਣੇ ਹੋ ਗਏ ਜਦੋਂ ਉਹ ਮੋਟਰ ਸਾਈਕਲਾਂ 'ਤੇ ਸਵਾਰ ਹੋ ਕੇ ਜਾ ਰਹੇ ਸੀ। ਇਸ ਦੀ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਵੀਡਿਓ ਤੋਂ ਨਜ਼ਰ ਆ ਰਿਹਾ ਹੈ ਕਿ ਚੱਲਦੇ ਮੋਟਰਸਾਈਕਲਾਂ 'ਤੇ ਹੀ ਪਹਿਲਾਂ ਮ੍ਰਿਤਕ ਸੰਦੀਪ ਨੇ ਦੋਸ਼ੀ ਇੰਦਰ 'ਤੇ ਹਮਲਾ ਕੀਤਾ ਜਿਸ ਕਾਰਨ ਇੰਦਰ ਆਪਣੇ ਸਕੂਟਰ ਤੋਂ ਡਿੱਗ ਪਿਆ ਅਤੇ ਸੰਦੀਪ ਨੇ ਵੀ ਮੋਟਰਸਾਈਕਲ ਰੋਕ ਲਿਆ। 
 
ਇੰਨੇ 'ਚ ਇੰਦਰ ਨੇ ਖੜੇ ਹੋ ਕੇ ਚਾਕੂ ਕੱਢ ਲਿਆ ਅਤੇ ਸੰਦੀਪ 'ਤੇ ਵਾਰ ਕਰ ਦਿੱਤੇ। ਦੋਵਾਂ ਵਿਚਕਾਰ ਕਾਫੀ ਹੱਥੋਪਾਈ ਵੀ ਹੋਈ ਅਤੇ ਮੌਕੇ 'ਤੇ ਆਪਣੇ ਸਾਥੀ ਨੂੰ ਬਚਾਉਣ ਲਈ ਸੰਦੀਪ ਦੇ ਦੋਸਤਾਂ ਨੇ ਕਾਫੀ ਕੋਸ਼ਿਸ਼ ਕੀਤੀ। ਜ਼ਖਮੀ ਸੰਦੀਪ ਖੁਦ ਮੋਟਰਸਾਈਕਲ ਚਲਾ ਕੇ ਅਤੇ ਆਪਣੇ ਸਾਥੀ ਨੂੰ ਬਿਠਾ ਕੇ ਹਸਪਤਾਲ ਵੱਲ ਗਿਆ। ਪਰ ਹਸਪਤਾਲ ਪੁੱਜ ਕੇ ਉਸ ਦੀ ਮੌਤ ਹੋ ਗਈ। 
 
 
ਇਧਰ, ਦੋਸ਼ੀ ਇੰਦਰ ਧੀਰ ਨੂੰ ਮੌਕੇ 'ਤੇ ਲੋਕਾਂ ਨੇ ਕਾਬੂ ਕਰ ਲਿਆ। ਥਾਣਾ ਕੋਤਵਾਲੀ ਪੁਲਿਸ ਅਨੁਸਾਰ 19 ਸਾਲਾਂ ਸੰਦੀਪ ਕੁਮਾਰ ਦੇ ਕਤਲ ਦੇ ਦੋਸ਼ 'ਚ ਮੁਲਜ਼ਮ ਇੰਦਰ ਧੀਰ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।