ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ....ਜਨਮ ਦਿਨ 'ਤੇ ਵਿਸ਼ੇਸ਼
ਪੰਜਾਬੀ ਕਵਿੱਤਰੀ, ਨਾਵਲਕਾਰ, ਨਿਬੰਧਕਾਰ ਤੇ ਸੰਪਾਦਕ ਅੰਮ੍ਰਿਤਾ ਪ੍ਰੀਤਮ ਦਾ ਅੱਜ ਜਨਮ ਦਿਹਾੜਾ ਹੈ। ਅੰਮ੍ਰਿਤਾ ਦਾ ਜਨਮ 31 ਅਗਸਤ, 1919 ਨੂੰ ਪਾਕਿਸਤਾਨ 'ਚ ਗੁਜਰਾਂਵਾਲਾ ਵਿੱਚ ਹੋਇਆ ਸੀ। ਉਹ 20ਵੀਂ ਸਦੀ ਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਹੋਈ ਹੈ।
ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅੰਮ੍ਰਿਤਾ ਪਹਿਲੀ ਮਹਿਲਾ ਸੀ ਤੇ ਗਿਆਨਪੀਠ ਪੁਰਸਕਾਰ ਹਾਸਲ ਕਰਨ 'ਚ ਵੀ ਉਹ ਪੰਜਾਬੀ ਲੇਖਕਾਂ 'ਚੋਂ ਮੋਹਰੀ ਰਹੇ। ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਤੇ ਪਦਮ ਵਿਭੂਸ਼ਣ ਜਿਹੇ ਸਨਮਾਨਾਂ ਨਾਲ ਨਿਵਾਜਿਆ। ਅੰਮ੍ਰਿਤਾ ਨੇ ਆਪਣੀਆਂ ਲਿਖਤਾਂ ਬਦਲੇ ਕਈ ਕੌਮਾਂਤਰੀ ਪੁਰਸਕਾਰ ਹਾਸਲ ਕੀਤੇ।
ਅੰਮ੍ਰਿਤਾ ਨੂੰ ਆਪਣੀ ਪੰਜਾਬੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ’ ਲਈ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ। ਕਈ ਲੋਕ ਅੰਮ੍ਰਿਤਾ ਨੂੰ ਇਸੇ ਕਵਿਤਾ ਰਾਹੀਂ ਜਾਣਦੇ ਹਨ।
ਪੰਜਾਬ ਦੇ ਗੁਜਰਾਂਵਾਲੇ ਜ਼ਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਮੰਨਿਆ ਜਾਂਦਾ ਹੈ। ਅੰਮ੍ਰਿਤਾ ਨੇ ਆਪਣੇ ਜੀਵਨ 'ਚ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਨ੍ਹਾਂ ਨੇ 33 ਵਰ੍ਹੇ ਆਪਣਾ ਪੰਜਾਬੀ ਰਸਾਲਾ 'ਨਾਗਮਣੀ' ਸਫ਼ਲਤਾਪੂਰਵਕ ਚਲਾਇਆ।
ਅੰਮ੍ਰਿਤਾ ਤੇ ਇਮਰੋਜ਼ ਦਾ ਪ੍ਰੇਮ ਅੱਜ ਵੀ ਹਰ ਇੱਕ ਦੀ ਜ਼ੁਬਾਨੀ ਹੈ। ਇਸ ਗੱਲ ਦਾ ਜ਼ਿਕਰ ਅੰਮ੍ਰਿਤਾ ਨੇ ਸਵੈ-ਜੀਵਨੀ ਰਸੀਦੀ ਟਿਕਟ 'ਚ ਵੀ ਕੀਤਾ ਹੈ। ਉਮਰ ਦੇ ਆਖਰੀ 40 ਵਰ੍ਹੇ ਉਸ ਨੇ ਇਮਰੋਜ਼ ਨਾਲ ਬਿਤਾਏ। 31 ਅਕਤੂਬਰ, 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ।
ਚਾਰਾਂ ਕੁ ਵਰ੍ਹਿਆਂ ਦੀ ਹੋਣ 'ਤੇ ਹੀ ਅੰਮ੍ਰਿਤਾ ਦੀ ਮਾਂ ਰਾਜ ਕੌਰ ਨੇ ਉਨ੍ਹਾਂ ਦੀ ਕੁੜਮਾਈ ਦੂਰ ਦੀ ਰਿਸ਼ਤੇਦਾਰੀ 'ਚ ਲੱਗਦੀ ਭੂਆ ਦੇ ਮੁੰਡੇ ਨਾਲ ਕਰ ਦਿੱਤੀ ਸੀ। 16 ਸਾਲ ਦੀ ਉਮਰ 'ਚ 1936 ਵਿੱਚ ਅੰਮ੍ਰਿਤਾ ਦਾ ਪ੍ਰੀਤਮ ਸਿੰਘ ਕਵਾਤੜਾ ਨਾਲ ਵਿਆਹ ਹੋਇਆ। ਅੰਮ੍ਰਿਤਾ-ਪ੍ਰੀਤਮ ਦੇ ਦੋ ਬੱਚੇ ਪੁੱਤਰ ਨਵਰਾਜ ਤੇ ਪੁੱਤਰੀ ਕੰਦਲਾ ਹਨ।
31, ਅਕਤਬੂਰ, 2005 ਨੂੰ ਅੰਮ੍ਰਿਤਾ ਪ੍ਰੀਤਮ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਪਰ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੇ ਚੇਤਿਆਂ ਚ ਅੱਜ ਵੀ ਉਹ ਵੱਸੀ ਹੋਈ ਹੈ।