ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਵੱਲ ਰਵਾਨਾ ਜਥਾ, ਵੱਖਰੀਆਂ ਤਸਵੀਰਾਂ ਆਈਆਂ ਸਾਹਮਣੇ
ਇਸ ਵਾਰ ਜੋ ਜਥੇਬੰਦੀਆਂ ਨੇ ਫੈਸਲਾ ਲਿਆ ਹੈ, ਉਸ ਅਨੁਸਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਉਣ ਲਈ ਸੰਗਤਾਂ ਸਮੇਤ ਦਿੱਲੀ ਵੱਲ ਚਾਲੇ ਪਾ ਰਹੇ ਹਨ।
ਫਤਿਹਗੜ੍ਹ ਸਾਹਿਬ: ਕਰੀਬ ਇੱਕ ਮਹੀਨੇ ਤੋਂ ਲਗਾਤਾਰ ਦੇਸ਼ ਦੇ ਕਿਸਾਨ ਅਸਮਾਨੋਂ ਵਰਦੀ ਠੰਢ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਗੁਜ਼ਾਰ ਰਹੇ ਹਨ। ਹੁਣ ਪੋਹ ਦੇ ਮਹੀਨੇ 'ਚ ਸ਼ਹੀਦੀ ਦਿਹਾੜੇ ਵੀ ਸ਼ੁਰੂ ਹੋ ਗਏ ਹਨ। ਪੋਹ ਦੇ ਮਹੀਨੇ ਦੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ। ਸ਼ਹੀਦੀ ਹਫ਼ਤੇ ਦੇ ਆਖਰੀ ਦਿਨਾਂ 'ਚ ਹਰ ਸਾਲ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ 'ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਭਾ ਭਰਦੀ ਹੈ।
ਨਾਮਵਰ ਜਥੇਬੰਦੀਆਂ ਵੱਲੋਂ ਜਥਿਆਂ ਸਮੇਤ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦੀ ਪਾਵਨ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਅੱਜ ਵੱਖਰੀ ਤਸਵੀਰ ਵੇਖਣ ਨੂੰ ਮਿਲੀ।
ਫਤਿਹਗੜ੍ਹ ਸਾਹਿਬ ਤੋਂ ਦਿੱਲ਼ੀ ਰਵਾਨਾ ਹੋਈਆਂ ਸੰਗਤਾਂ 'ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਜਥੇ ਦੀ ਅਗਵਾਈ ਕਰ ਰਹੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਈ ਵਾਰ ਮੋਰਚੇ 'ਚ ਸ਼ਮੂਲੀਅਤ ਕਰ ਚੁੱਕੇ ਹਨ।
ਬਾਬਾ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਕਿਸਾਨਾਂ ਦੀ ਹਮਾਇਤ ਨੂੰ ਲੈ ਕੇ ਦਿੱਲੀ ਅੰਦੋਲਨ ਲਈ ਵੱਡੀ ਗਿਣਤੀ 'ਚ ਬੱਸਾਂ ਰਵਾਨਾ ਕੀਤੀਆਂ ਗਈਆਂ ਤੇ ਦਿੱਲੀ ਬੈਠੇ ਕਿਸਾਨਾਂ ਲਈ ਵੱਡੀ ਗਿਣਤੀ ਵਿੱਚ ਕੰਬਲ, ਗਰਮ ਸੂਟ, ਗਰਮ ਬੂਟ, ਦਸਤਾਨੇ, ਦਵਾਈਆਂ, ਆਦਿ ਦਾ ਟਰੱਕ ਵੀ ਰਵਾਨਾ ਕੀਤਾ ਗਿਆ।
ਜੋੜ ਮੇਲ ਦੌਰਾਨ ਲੱਖਾਂ ਦਾ ਇਕੱਠ ਇਸ ਧਰਤੀ ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਦਾ ਹੈ। ਇਸ ਵਾਰ ਕਿਸਾਨ ਅੰਦੋਲਨ 'ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਇਹ ਸ਼ਹੀਦੀ ਸਭਾ ਦਿੱਲੀ ਮੋਰਚੇ ਵਿੱਚ ਹੀ ਮਨਾਈ ਜਾਵੇਗੀ।