ਕੇਜਰੀਵਾਲ ਦੀ ਪੇਸ਼ੀ ਤੋਂ ਬਾਅਦ ਮਜੀਠੀਆ ਨੇ ਦਿੱਤਾ ਮੁੱਛਾਂ ਨੂੰ ਤਾਅ
ਅੰਮ੍ਰਿਤਸਰ: ਅੱਜ ਅਦਾਲਤ ‘ਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਤੋਂ ਬਾਅਦ ਇੱਕ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਤਾਰੀਕ ਪੇਸ਼ੀ ਤੋਂ ਬਾਅਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਕਰਨ ਵਾਲੇ ਬਿਕਰਮ ਮਜੀਠੀਆ ਬਾਹਰ ਆਏ। ਪਰ ਮਜੀਠੀਆ ਦੇ ਚਿਹਰੇ ਦੇ ਹਾਵ ਭਾਵ ਕੁੱਝ ਅਲੱਗ ਹੀ ਸਨ। ਉਨ੍ਹਾਂ ਬਾਹਰ ਆਉਂਦਿਆਂ ਹੀ ਮੁੱਛਾਂ ਨੂੰ ਵੱਟ ਕੇ ਤਾਅ ਦਿੱਤਾ।
ਦਰਅਸਲ ਸਵੇਰ ਤੋਂ ਹੀ ਅਕਾਲੀ ਦਲ ਦੇ ਵੱਡੀ ਗਿਣਤੀ ਸਮਰਥਕ ਮਜੀਠੀਆ ਦੇ ਸਮਰਥਨ ਦੀਆਂ ਤਖਤੀਆਂ ਤੇ ਪੋਸਟਰ ਬੈਨਰ ਲੈ ਕੇ ਇੱਕ ਰੈਲੀ ਵਾਂਗ ਇਕੱਠੇ ਹੋਏ ਸਨ। ਅਜਿਹੇ ‘ਚ ਸ਼ਾਇਦ ਇਹ ਸਮਰਥਨ ਮੰਤਰੀ ਸਾਬ ਦੇ ਇਸ ਹੌਂਸਲੇ ਨੂੰ ਵਧਾ ਰਿਹਾ ਸੀ। ਇੱਥੇ ਮਜੀਠੀਆ ਦੇ ਮੁੱਛਾਂ ਨੂੰ ਤਾਅ ਦੇਣ ਦੇ ਖੂਬ ਚਰਚੇ ਹੋ ਰਹੇ ਹਨ।
ਮਜੀਠੀਆ ਦੇ ਇਸ ਅੰਦਾਜ ਨੂੰ ਦੇਖ ਕਈ ਮਤਲਬ ਕੱਢੇ ਜਾ ਸਕਦੇ ਹਨ। ਕੀ ਇਹ ਕੇਜਰੀਵਾਲ ਨੂੰ ਕਚਹਿਰੀ ਦੇ ਕਟਹਰੇ ‘ਚ ਖੜਾ ਕਰਨ ਦੀ ਖੁਸ਼ੀ ਸੀ ਜਾਂ ਫਿਰ ਆਪਣੇ ਸਮਰਥਕਾਂ ਦੇ ਵੱਡੇ ਇਕੱਠ ਦਾ ਹੌਂਸਲਾ ਉਨ੍ਹਾਂ ਦੀਆਂ ਮੁੱਛਾਂ ਖੜੀਆਂ ਕਰ ਰਿਹਾ ਸੀ।
ਤਾਰੀਕ ਤੋਂ ਬਾਅਦ ਕਚਹਿਰੀ ਬਾਹਰ ਆਏ ਮਜੀਠੀਆ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਖੇਰ ਲਿਆ। ਮਜੀਠੀਆ ਵੀ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕਬੂਲਦੇ ਨਜ਼ਰ ਆਏ।