ਕੇਜਰੀਵਾਲ ਸਮਰਥਕਾਂ 'ਤੇ ਪੰਜਾਬ ਪੁਲਿਸ ਦੀ ਸਖਤੀ, ਦੇਖੋ ਤਸਵੀਰਾਂ
ਅੰਮ੍ਰਿਤਸਰ: ਪੰਜਾਬ ਪੁਲਿਸ ਨੇ ‘ਆਪ’ ਸਮਰਥਕਾਂ ਤੇ ਅੱਜ ਖੂਬ ਸਖਤੀ ਕੀਤੀ। ਪੁਲਿਸ ਨੇ ਆਪ ਸਮਰਥਕਾਂ ਨੂੰ ਵੱਖ-ਵੱਖ ਸੜਕਾਂ ‘ਤੇ ਨਾਕੇ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਹਨਾਂ ਦੀਆਂ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹ ਸਮਰਥਕ ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀ ਪੇਸ਼ੀ ਸਮੇਂ ਅੰਮ੍ਰਿਤਸਰ ਪਹੁੰਚ ਰਹੇ ਸਨ।
ਇਹ ਤਸਵੀਰਾਂ ਤਰਨਤਾਰਨ-ਅੰਮ੍ਰਿਤਸਰ ਰੋਡ ‘ਤੇ ਚੱਬਾ ਨੇੜੇ ਦੀਆਂ ਹਨ। ਤਸਵੀਰਾਂ ‘ਚ ਨਜ਼ਰ ਆ ਰਿਹਾ ਹੈ ਕਿ ‘ਆਪ’ ਸਮਰਥਕ ਸੜਕ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਫਰੀਦਕੋਟ ਦੇ ਕੋਟਕਪੂਰਾ ਤੋਂ ‘ਆਪ’ ਲੀਡਰ ਡਾਕਟਰ ਸੁਰਿੰਦਰ ਕੁਮਾਰ ਦਿਵੇਦੀ ਮੁਤਾਬਕ ਉਹ ਸਵੇਰੇ ਕਰੀਬ 7.30 ਵਜੇ ਚੱਬਾ ਨਾਕੇ ‘ਤੇ ਪਹੁੰਚ ਗਏ ਸਨ। ਪਰ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕੀ ਰੱਖਿਆ।
ਇਹਨਾਂ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਇੱਥੇ ਨਾਕਾ ਲਗਾ ਕੇ ਇਹਨਾਂ ਦੀਆਂ ਗੱਡੀਆਂ ਨੂੰ ਰੋਕ ਲਿਆ। ਇਲਜ਼ਾਮ ਹਨ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਸਾਫ ਕਿਹਾ ਕਿ ਇਹਨਾਂ ਨੂੰ ਹਿਦਾਇਤ ਦਿੱਤੀ ਗਈ ਹੈ ਕਿ ‘ਆਪ’ ਸਮਰਥਕਾਂ ਨੂੰ ਰੋਕਿਆ ਜਾਵੇ।
ਇਹਨਾਂ ਕਰੀਬ ਡੇਢ ਘੰਟੇ ਤੱਕ ਇੱਥੇ ਪ੍ਰਦਰਸ਼ਨ ਕੀਤਾ। ਪਰ ਜਦ ਪੁਲਿਸ ਨੇ ਇਹਨਾਂ ਦੀ ਇੱਕ ਨਾ ਸੁਣੀ ਤਾਂ ਇਹ ਬੱਸਾਂ ‘ਤੇ ਚੜ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਹਾਲਾਂਕਿ ਥੋੜੀ ਦੇਰ ਬਾਅਦ ਇਹਨਾਂ ਦੀਆਂ ਖਾਲੀ ਗੱਡੀਆਂ ਨੂੰ ਵੀ ਛੱਡ ਦਿੱਤਾ ਗਿਆ।