ਤੇਜ਼ ਰਫਤਾਰ ਨੇ ਲਈਆਂ 4 ਜਾਨਾਂ, ਹਾਦਸੇ ਦੀਆਂ ਤਸਵੀਰਾਂ
ਸਮਾਣਾ: ਸ਼ਹਿਰ ‘ਚ ਵਾਪਰਿਆ ਹੈ ਦਰਦਨਾਕ ਹਾਦਸਾ। ਇਥੇ ਇੱਕ ਤੇਜ਼ ਰਫ਼ਤਾਰ ਕਾਰ ਨੇ 4 ਵਿਅਕਤੀਆਂ ਨੂੰ ਕੁਚਲ ਦਿੱਤਾ। ਹਾਦਸੇ ਦਾ ਸ਼ਿਕਾਰ ਹੋਏ 4 ਲੋਕਾਂ ਦੀ ਮੌਤ ਹੋ ਗਈ ਹੈ। 3 ਲੋਕਾਂ ਦੀ ਰਾਤ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਇੱਕ ਜਖਮੀ ਨੇ ਅੱਜ ਪੀਜੀਆਈ ਚੰਡੀਗੜ੍ਹ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਦੇਰ ਰਾਤ ਸਮਾਣਾ ਦੇ ਪਾਤੜਾਂ ਰੋਡ ‘ਤੇ ਵਾਪਰੀ ਹੈ।
ਹਾਦਸੇ ਸਮੇਂ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਇਸ ਦੌਰਾਨ ਰਾਹੁਲ ਬੁਰੀ ਤਰਾਂ ਜਖਮੀ ਹੋਇਆ ਸੀ। ਜਖਮੀ ਨੂੰ ਪਹਿਲਾਂ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਦੀ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ ਸੀ। ਰਾਹੁਲ ਨੇ ਅੱਜ ਪੀਜੀਆਈ ‘ਚ ਦਮ ਤੋੜ ਦਿੱਤਾ ਹੈ। ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਇੱਕ ਤੇਜ਼ ਰਫਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ‘ਤੇ ਖੜੀ ਆਂਡਿਆਂ ਵਾਲੀ ਰੇਹੜੀ ਨਾ ਜਾ ਟਕਰਾਈ। ਉਸ ਵੇਲੇ ਰੇਹੜੀ ਦੇ ਆਸ-ਪਾਸ ਕਈ ਲੋਕ ਖੜੇ ਸਨ। ਇਹਨਾਂ ‘ਚੋਂ 4 ਕਾਰ ਦੀ ਚਪੇਟ ‘ਚ ਆ ਗਏ। ਹਾਦਸੇ ‘ਚ ਰੇਹੜੀ ਵਾਲੇ ਜਗਤਾਰ ਸਿੰਘ ਸਮੇਤ ਉੱਥੇ ਮੌਜੂਦ ਲਖਵਿੰਦਰ ਸਿੰਘ ਤੇ ਸੁਖਦੇਵ ਸਿੰਘ ਤੇ ਰਾਹੁਲ ਦੀ ਮੌਤ ਹੋ ਗਈ।