ਅਮਰੀਕਾ 'ਚ 'ਬੰਬ ਸਾਈਕਲੋਨ' 11 ਮੌਤਾਂ, 5 ਹਜ਼ਾਰ ਉਡਾਣਾਂ ਰੱਦ
ਨਿਊਯਾਰਕ ਵਿੱਚ ਬਰਫ਼ੀਲੇ ਤੂਫ਼ਾਨ ਨਾ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ।
ਇਸ ਨਾਲ ਨਿਊਯਾਰਕ ਦੇ ਮੁੱਖ ਹਵਾਈ ਅੱਡੇ ਜੇ.ਐਫ.ਕੇ. 'ਤੇ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਬਰਫ਼ ਕਾਰਨ ਘਰਾਂ ਦੇ ਦਰਵਾਜ਼ੇ ਵੀ ਨਹੀਂ ਖੁੱਲ੍ਹ ਰਹੇ, ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ ਹੋ ਗਈ। ਪ੍ਰਸ਼ਾਸਨ ਵਲੋਂ ਮੁੱਖ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਨਿਊਯਾਰਕ ਸਿਟੀ ਵਿਚ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਬਰਫ਼ੀਲਾ ਤੂਫਾਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ।
ਅਮਰੀਕਾ 'ਚ ਅਜਿਹੀ ਠੰਢ 133 ਸਾਲਾਂ ਬਾਅਦ ਪੈ ਰਹੀ ਹੈ।
ਨਿਊਯਾਰਕ- ਅਮਰੀਕਾ 'ਚ 'ਬੰਬ ਸਾਈਕਲੋਨ' ਯਾਨੀ ਬਰਫੀਲੇ ਤੁਫਾਨ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈ ਸੂਬਿਆਂ 'ਚ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ। ਦੇਸ਼ ਦੇ ਕੁਝ ਹਿੱਸੇ ਬਰਫ਼ੀਲੇ ਤੂਫ਼ਾਨ 'ਬੰਬ' ਚੱਕਰਵਾਤ ਦੀ ਲਪੇਟ 'ਚ ਹਨ। ਇਸ ਤੂਫ਼ਾਨ ਕਾਰਨ 5 ਹਜ਼ਾਰ ਦੇ ਕਰੀਬ ਉਡਾਣਾਂ ਰੱਦ ਕੀਤੀਆਂ ਗਈਆਂ ਹਨ।
'ਬੰਬ ਸਾਈਕਲੋਨ' ਦਾ ਅਸਰ ਸਿਰਫ਼ ਅਮਰੀਕਾ 'ਚ ਹੀ ਨਹੀਂ, ਸਗੋਂ ਬਤਾਨੀਆ ਦੇ ਪੱਛਮੀ ਹਿੱਸੇ 'ਚ ਤੇ ਆਇਰਲੈਂਡ 'ਚ ਵੀ ਪਿਆ ਹੈ। ਬਰਤਾਨਵੀ ਮੌਸਮ ਵਿਭਾਗ ਨੇ ਵੀ ਬਰਫ਼ੀਲਾ ਤੂਫ਼ਾਨ ਆਉਣ ਦੀ ਸੰਭਾਵਨਾ ਪ੍ਰਗਟਾਈ ਹੈ।
ਫਲੋਰਿਡਾ 'ਚ 30 ਸਾਲਾਂ 'ਚ ਪਹਿਲੀ ਵਾਰ ਬਰਫ਼ਬਾਰੀ ਹੋਈ ਹੈ। ਅਮਰੀਕਾ 'ਚ 90 ਫ਼ੀਸਦੀ ਹਿੱਸੇ 'ਚ ਤਾਪਮਾਨ ਸਿਫ਼ਰ ਤੋਂ ਮਨਫ਼ੀ 35 ਤੱਕ ਪਹੁੰਚ ਗਿਆ ਹੈ। ਬੋਸਟਨ ਨੇ ਸਭ ਤੋਂ ਵੱਧ ਖ਼ਤਰਨਾਕ ਬਰਫ਼ੀਲੇ ਤੂਫ਼ਾਨ ਦਾ ਸਾਹਮਣਾ ਕੀਤਾ ਹੈ ਜਿੱਥੇ ਹੜ੍ਹ ਦਾ ਬਰਫ਼ੀਲਾ ਪਾਣੀ 15.1 ਫੁੱਟ ਤੱਕ ਉੱਪਰ ਪਹੁੰਚ ਗਿਆ, ਉੱਥੇ ਹੀ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।
ਨਿਊਯਾਰਕ ਤੇ ਬੋਸਟਨ 'ਚ ਸਕੂਲ, ਕਾਲਜ ਤੇ ਹੋਰ ਅਦਾਰੇ ਬੰਦ ਕਰ ਦਿੱਤੇ ਗਏ। ਸੜਕਾਂ 'ਤੇ ਜੰਮੀ ਬਰਫ਼ ਕਾਰਨ ਗੱਡੀਆਂ ਆਪਸ 'ਚ ਟਕਰਾ ਰਹੀਆਂ ਹਨ, ਜਿਸ ਕਾਰਨ ਦੱਖਣ-ਪੂਰਬੀ ਸੂਬਿਆਂ, ਉੱਤਰੀ ਤੇ ਦੱਖਣੀ ਕੈਰੋਲੀਨਾ 'ਚ 4 ਮੌਤਾਂ ਹੋ ਗਈਆਂ ਹਨ।