ਬਾਗ਼ੀਆਂ 'ਤੇ ਐਕਸ਼ਨ- ਅਕਾਲੀ ਦਲ 'ਚ ਬਾਦਲਾਂ ਦੀ ਪ੍ਰਭੂਸੱਤਾ ਬਰਕਰਾਰ
ਸ਼੍ਰੋਮਣੀ ਅਕਾਲੀ ਦਲ ਅੰਦਰ ਹੁਣ ਬਾਦਲ ਪਰਿਵਾਰ ਖ਼ਿਲਾਫ਼ ਕੋਈ ਝੰਡਾ ਨਹੀਂ ਚੁੱਕ ਸਕੇਗਾ।
ਹੈਰਾਨੀ ਦੀ ਗੱਲ਼ ਹੈ ਕਿ ਕੋਰ ਕਮੇਟੀ ਦੇ ਕੁਝ ਮੈਂਬਰ ਬਾਗੀ ਟਕਸਾਲੀਆਂ ਦੇ ਗੁੱਸੇ ਨੂੰ ਜਾਇਜ਼ ਮੰਨਦੇ ਸੀ ਪਰ ਕਿਸੇ ਨੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ।
ਇਸ ਵਾਰ ਬਾਦਲ ਪਰਿਵਾਰ ਪੰਥਕ ਮਸਲਿਆਂ 'ਤੇ ਬੁਰੀ ਤਰ੍ਹਾਂ ਘਿਰ ਚੁੱਕਾ ਹੈ। ਇਸ ਲਈ ਕੁਝ ਟਕਸਾਲੀ ਲੀਡਰਾਂ ਨੇ ਬੋਲਣ ਦੀ ਜ਼ੁਅੱਰਤ ਕੀਤੀ ਪਰ ਬਾਦਲਾਂ ਦੇ ਪੈਂਤੜੇ ਅੱਗੇ ਉਨ੍ਹਾਂ ਇੱਕ ਨਾ ਚੱਲੀ।
ਮੰਨਿਆ ਜਾਂਦਾ ਹੈ ਕਿ ਕੁਝ ਹੋਰ ਵਿੱਟਰੇ ਲੀਡਰਾਂ ਨੂੰ ਬਾਦਲ ਪਰਿਵਾਰ ਨੇ 'ਸੈੱਟ' ਕਰਕੇ ਹੀ ਬਾਗੀਆਂ ਖਿਲਾਫ ਐਕਸ਼ਨ ਕੀਤਾ ਹੈ। ਹੁਣ ਤੈਅ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲ ਪਰਿਵਾਰ ਦਾ ਕਬਜ਼ਾ ਸੁਰੱਖਿਅਤ ਹੋ ਗਿਆ ਹੈ।
ਸੁਖਬੀਰ ਬਾਦਲ ਨੇ ਬੜੀ ਚੁਤਰਾਈ ਨਾਲ ਪਹਿਲਾਂ ਅਸਤੀਫਾ ਦੇਣ ਦੀ ਗੱਲ਼ ਕੀਤੀ ਤੇ ਫਿਰ ਕੋਰ ਕਮੇਟੀ ਨੂੰ ਆਪਣੀ ਮੁੱਠੀ ਵਿੱਚ ਕਰਕੇ ਆਪਣੀ ਪ੍ਰਧਾਨਗੀ 'ਤੇ ਪੱਕੀ ਮੋਹਰ ਲਵਾ ਲਈ। ਇਸ ਮਗਰੋਂ ਸੁਖਬੀਰ ਬਾਦਲ ਨੇ ਚੁਣ-ਚੁਣ ਕੇ ਕੰਡੇ ਕੱਢਣੇ ਸ਼ੁਰੂ ਕਰ ਦਿੱਤੇ।
ਸੁਖਬੀਰ ਬਾਦਲ ਹੁਣ ਆਪਣੇ ਵਫਦਾਰ ਲੀਡਰਾਂ ਨੂੰ ਹੀ ਅੱਗੇ ਲੈ ਕੇ ਆਉਣਗੇ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਲਈ ਕੋਈ ਵੰਗਾਰ ਖੜੀ ਨਾ ਹੋ ਸਕੇ।
ਇਨ੍ਹਾਂ ਲੀਡਰਾਂ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਬਾਦਲ ਪਰਿਵਾਰ ਦੇ ਕਬਜ਼ੇ ਖਿਲਾਫ ਆਵਾਜ਼ ਚੁੱਕੀ ਸੀ ਜਿਸ ਦਾ ਅੰਜ਼ਾਮ ਉਨ੍ਹਾਂ ਨੂੰ ਭੁਗਤਣਾ ਪਿਆ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੇਵਾ ਸਿੰਘ ਸੇਖਵਾਂ ਮਗਰੋਂ ਅੱਜ ਟਕਸਾਲੀ ਲੀਡਰਾਂ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਫਰਜ਼ੰਦਾਂ ਰਵਿੰਦਰ ਬ੍ਰਹਮਪੁਰਾ ਤੇ ਅਮਰਪਾਲ ਬੋਨੀ ਅਜਨਾਲਾ ਨੂੰ ਵੱਡਾ ਝਟਕਾ ਦੇ ਕੇ ਬਾਕੀ ਲੀਡਰਸ਼ਿਪ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਬਗਾਵਤ ਦਾ ਝੰਡਾ ਚੁੱਕਣ ਦਾ ਜੇਰਾ ਨਾਲ ਕਰੇ।