ਨਸ਼ਾ ਤਸਕਰ ਸੱਤੇ ਤੇ ਪਿੰਦੀ ਨਾਲ ਜੁੜਿਆ ਰਿਕਾਰਡ ਸਿਰਫ 'ABP ਸਾਂਝਾ' ਕੋਲ
ਪੁਲਿਸ ਨੇ ਕਾਹਲੋਂ ਦੀ ਜਾਇਦਾਦ ਸਮੇਤ ਕੁੱਲ ਨਕਦੀ ਬਰਾਮਦਗੀ 82. 78 ਕਰੋੜ ਦੀ ਕੀਤੀ। ਈਡੀ ਨੇ ਅਨੂਪ ਕਾਹਲੋਂ ਦੀਆਂ ਕੈਨੇਡਾ ਵਿੱਚ ਵੱਖ ਵੱਖ ਥਾਵਾਂ 'ਤੇ ਛੇ ਜਾਇਦਾਦਾਂ ਸਮੇਤ 9 ਬੈਂਕ ਖਾਤਿਆਂ ਦਾ ਵੇਰਵਾ ਦੇ ਕੇ ਜਾਣਕਾਰੀ ਮੰਗੀ। ਈਡੀ ਨੇ ਇਨਕਮ ਟੈਕਸ ਤੇ ਅਪਰਾਧਿਕ ਪਿਛੋਕੜ ਦਾ ਰਿਕਾਰਡ ਵੀ ਮੰਗਿਆ।
ਅਨੂਪ ਸਿੰਘ ਕਾਹਲੋਂ ਜੋ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਨਿਵਾਸੀ ਹੈ ਪਰ ਅੱਜਕਲ ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਹੇਠ ਪੰਜਾਬ ਦੀ ਜੇਲ ਵਿੱਚ ਹੈ। ਪੰਜਾਬ ਪੁਲਿਸ ਨੇ ਕਾਹਲੋਂ ਨੂੰ 16.540 ਕਿੱਲੋ ਹੈਰੋਇਨ, 9040 ਕੈਨੇਡੀਅਨ ਡਾਲਰ ਤੇ 8.94 ਲੱਖ ਭਾਰਤੀ ਕਰੰਸੀ ਨਾਲ ਗ੍ਰਿਫ਼ਤਾਰ ਕੀਤਾ ਸੀ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨਾਲ ਤਾਲਮੇਲ ਬਣਾ ਕੇ ਈ ਡੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕੇਟ ਵਿੱਚ ਵਲਾਇਤੀ ਤਸਕਰਾਂ ਦੇ ਬੈਂਕ ਖਾਤੇ ਫਰੀਜ਼ ਕਰਾਉਣਾ ਚਾਹੁੰਦੀ ਹੈ ਤੇ ਜਾਇਦਾਦ ਨੂੰ ਜ਼ਬਤ ਕਰਨਾ ਚਾਹੁੰਦੀ ਹੈ। ਏਬੀਪੀ ਸਾਂਝਾ ਦੀ ਪੜਤਾਲ ਵਿੱਚ ਹੱਥ ਲੱਗੇ ਈਡੀ ਦੇ ਰਿਕਾਰਡ ਮੁਤਾਬਿਕ ਸਤਪ੍ਰੀਤ ਸੱਤਾ ਦੀ ਕੈਨੇਡਾ ਵਿੱਚ ਕਰੋੜਾਂ ਦੀ ਜਾਇਦਾਦ ਹੈ।
ਕੈਨੇਡਾ ਦੇ ਐਡਮਿੰਟਨ ਵਿੱਚ ਰਹਿਣ ਵਾਲੇ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੇ ਕਰੀਬੀ ਸਤਪ੍ਰੀਤ ਸਿੰਘ ਸੱਤਾ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਨੇ। ਪੰਜਾਬ ਪੁਲਿਸ ਨੇ ਡ੍ਰੱਗਸ ਦੇ ਕੇਸ ਵਿੱਚ ਸੱਤੇ ਨੂੰ ਮੁਲਜ਼ਮ ਬਣਾਇਆ ਹੈ, ਪਰ ਉਸਦੇ ਐਨਆਰਆਈ ਹੋਣ ਕਰਕੇ ਈਡੀ ਨੇ ਕੈਨੇਡਾ ਦੀ ਸਰਕਾਰ ਤੋਂ ਉਸਦੇ ਬੈਂਕ ਖਾਤਿਆਂ ਤੇ ਜਾਇਦਾਦ ਦਾ ਪੂਰਾ ਵੇਰਵਾ ਦੇਣ ਲਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ। ਖਾਸ ਗੱਲ ਇਹ ਵੀ ਕਿ ਪੁਲਿਸ ਤੇ ਈ ਡੀ ਦੀ ਜਾਂਚ ਵਿੱਚ ਨਸ਼ਾ ਤਸਕਰੀ ਦੇ ਮੁਲਾਜ਼ਮ ਮਨਿੰਦਰ ਸਿੰਘ ਬਿੱਟੂ ਔਲਖ ਤੇ ਅੰਮ੍ਰਿਤਸਰ ਦੇ ਫਾਰਮਾਸਿਊਟੀਕਲ ਬਿਜਨਸਮੈਨ ਜਗਜੀਤ ਸਿੰਘ ਚਾਹਲ ਨੇ ਇੰਟੈਰੋਗੇਸ਼ਨ ਵਿੱਚ ਨਾ ਸਿਰਫ ਸੱਤੇ ਨੂੰ ਕੈਨੇਡਾ ਵਿੱਚ ਪੀਸੂਡੋਐਫੋਡਰੀਨ ਤੇ ਐਫੋਡਰੀਨ ਸਪਲਾਈ ਕਰਨ ਦੀ ਗੱਲ ਮੰਨੀ ਸੀ ਬਲਕਿ ਉਹਨਾਂ ਦੀ ਇਸ ਕਾਰੋਬਾਰੀ ਸਾਂਝ ਦਾ ਸਾਬਕਾ ਕੈਬਨਿਟ ਮੰਤਰੀ ਨੂੰ ਵੀ ਪਤਾ ਸੀ, ਇਹ ਖੁਲਾਸਾ ਵੀ ਕੀਤਾ ਸੀ।
ਬਿੱਟੂ ਔਲਖ ਤੇ ਜਗਜੀਤ ਚਾਹਲ ਨੇ ਪੁੱਛਗਿੱਛ ਵਿੱਚ ਹੀ ਪਿੰਦੀ ਦਾ ਨਾਮ ਲਿਆ ਸੀ ਪਰ ਇਸ ਤੋਂ ਪਹਿਲਾਂ ਕਿ ਪੰਜਾਬ ਪੁਲਿਸ ਦੇ ਹੱਥ ਉਹਦੇ ਗਲੇ ਤੱਕ ਪਹੁੰਚਦੇ ਉਹ ਕੈਨੇਡਾ ਉੱਡ ਗਿਆ ਸੀ। ਪੁਲਿਸ ਨੇ ਪਿੰਦੀ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ, ਇਸਦੇ ਨਾਲ ਹੀ ਈਡੀ ਨੇ ਪਿੰਦੀ ਦਾ ਅਪਰਾਧਿਕ ਪਿਛੋਕੜ ਵੀ ਮੰਗਿਆ ਹੈ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਦਿਓਲ ਉਰਫ ਪਿੰਦੀ ਵੀ ਸਤਪ੍ਰੀਤ ਸੱਤੇ ਤੇ ਸਾਬਕਾ ਕੈਬਿਨੇਟ ਮੰਤਰੀ ਦਾ ਬੇਲੀ ਸੀ। ਪਿੰਦੀ ਅੰਮ੍ਰਿਤਸਰ ਵਿੱਚ ਹੀ ਰੁਕਦਾ ਸੀ ਤੇ ਅਕਸਰ ਸੱਤੇ ਦੇ ਨਾਲ ਹੀ ਪੰਜਾਬ ਵਿੱਚ ਰਹਿੰਦਾ ਸੀ।
ਪ੍ਰਮੋਦ ਸ਼ਰਮਾ ਉਰਫ ਟੋਨੀ ਦੇ ਕੈਨੇਡਾ ਵਿੱਚ ਪੰਜ ਵੱਖ ਵੱਖ ਥਾਵਾਂ 'ਤੇ ਘਰ ਨੇ, 3 ਸਤੰਬਰ 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪ੍ਰਮੋਦ ਸ਼ਰਮਾ ਦੇ ਤਿੰਨ ਘਰਾਂ ਤੇ 4 ਖਾਤਿਆਂ ਦਾ ਵੇਰਵਾ ਸਾਡੇ ਕੋਲ ਹੈ।