ਫਿਦਾਇਨ ਹਮਲੇ ਨਾਲ ਕੰਬਿਆ ਸਿੰਧ, 100 ਮੌਤ
‘ਡਾਅਨ’ ਨੇ ਜਮਸ਼ੋਰੋ ਜ਼ਿਲ੍ਹੇ ਦੇ ਐਸਐਸਪੀ ਤਾਰਿਕ ਵਿਲਾਇਤ ਦੇ ਹਵਾਲੇ ਨਾਲ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਮੁਤਾਬਿਕ ਇਹ ਫਿਦਾਈਨ ਧਮਾਕਾ ਦਰਗਾਹ ਦੇ ਔਰਤਾਂ ਲਈ ਰਾਖਵੇਂ ਹਿੱਸੇ ਵਿੱਚ ਹੋਇਆ। ਪੁਲਿਸ ਅਨੁਸਾਰ ਹਮਲਾਵਰ ਨੇ ਦਰਗਾਹ ਦੇ ਅੰਦਰ ਆਉਂਦਿਆਂ ਹੀ ਪਹਿਲਾਂ ਗਰਨੇਡ ਸੁੱਟਿਆ ਪਰ ਜਦੋਂ ਉਸ ਵਿੱਚ ਧਮਾਕਾ ਨਾ ਹੋਇਆ ਤਾਂ ਹਮਲਾਵਰ ਨੇ ਆਪਣੇ ਆਪ ਨੂੰ ਉੱਡਾ ਲਿਆ।
ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕਾ ਸੂਫ਼ੀ ਰਸਮ ‘ਧਮਾਲ’ ਦੌਰਾਨ ਹੋਇਆ, ਜਦੋਂ ਦਰਗਾਹ ਵਿੱਚ ਸੈਂਕੜੇ ਲੋਕ ਹਾਜ਼ਰ ਸਨ ਤੇ ਇੱਕ ਹਮਲਾਵਰ ਨੇ ਭੀੜ ਵਿੱਚ ਆਪਣੇ ਆਪ ਨੂੰ ਉਡਾ ਦਿੱਤਾ।
ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਬੀਤੀ ਰਾਤ ਫਿਦਾਈਨ ਬੰਬ ਧਮਾਕੇ ਵਿੱਚ ਘੱਟੋ-ਘੱਟ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 250 ਦੇ ਕਰੀਬ ਜ਼ਖ਼ਮੀ ਹੋ ਗਏ।
ਦਹਿਸ਼ਤਗਰਦਾਂ ਵੱਲੋਂ ਮੁਲਕ ਵਿੱਚ ਇੱਕ ਹਫ਼ਤੇ ਦੌਰਾਨ ਕੀਤਾ ਗਿਆ ਇਹ ਪੰਜਵਾਂ ਭਿਆਨਕ ਹਮਲਾ ਹੈ। ਮ੍ਰਿਤਕਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਹਮਲੇ ਦੀ ਜ਼ਿੰਮੇਵਾਰੀ ਆਈ ਐਸ ਨੇ ਲਈ ਹੈ। ਧਮਾਕੇ ਵਕਤ ਦਰਗਾਹ ਅੰਦਰ ਜਲਸਾ ਚੱਲ ਰਿਹਾ ਸੀ। ਦਰਗਾਹ ਖਚਾਖਚ ਭਰੀ ਹੋਈ ਸੀ।