ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਜੱਲ੍ਹਿਆਂਵਾਲਾ ਬਾਗ਼ ਸ਼ਹੀਦਾਂ ਨੂੰ ਭੇਂਟ ਕੀਤੀ ਸ਼ਰਧਾਂਜਲੀ ਪਰ ਨਾ ਮੰਗੀ ਮੁਆਫ਼ੀ
ਉਨ੍ਹਾਂ ਇਸ ਮੌਕੇ ਬਾਗ਼ ਦੀ ਵਿਜ਼ਿਟਰ ਬੁੱਕ ਵਿੱਚ ਆਪਣਾ ਸੰਦੇਸ਼ ਵੀ ਦਰਜ ਕੀਤਾ।
ਬ੍ਰਿਟਿਸ਼ ਸਾਸ਼ਨਕਾਲ ਮੌਕੇ 13 ਅਪਰੈਲ 1919 ਨੂੰ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਜਨਰਲ ਮਾਈਕਲ ਓਡਵਾਇਰ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਇਕੱਠੇ ਹੋ ਰਹੇ ਲੋਕਾਂ 'ਤੇ ਗੋਲ਼ੀ ਚਲਾਉਣ ਦੇ ਹੁਕਮ ਦਿੱਤੇ ਸੀ। ਓਡਵਾਇਰ ਦੇ ਹੁਕਮਾਂ ਦੀ ਪਾਲਣਾ ਜਨਰਲ ਰੈਜੀਨਲਡ ਡਾਇਰ ਨੇ ਕੀਤੀ ਸੀ ਤੇ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਇਸ ਖੂਨੀ ਸਾਕੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਓਡਵਾਇਰ ਨੂੰ ਮਾਰ ਕੇ ਲਿਆ ਸੀ।
ਬਰਤਾਨੀਆ ਦੇ ਹਾਈ ਕਮਿਸ਼ਨਰ ਡੌਮਿਨਿਕ ਐਸਕੁਇਥ (Dominic Asquith) ਨੇ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦੀ ਸਮਾਰਕ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਡੌਮਿਨਿਕ ਨੇ ਇਸ ਖ਼ੂਨੀ ਸਾਕੇ ਨੂੰ ਬੇਹੱਦ ਸ਼ਰਮਨਾਕ ਦੱਸਿਆ, ਪਰ ਮੁਆਫ਼ੀ ਨਹੀਂ ਮੰਗੀ।
ਆਪਣੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਾਂਗ ਹਾਈ ਕਮਿਸ਼ਨਰ ਨੇ ਵੀ ਇਸ ਗੋਲ਼ੀਕਾਂਡ 'ਤੇ ਪਛਤਾਵਾ ਜ਼ਾਹਰ ਕੀਤਾ। ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਆਪਣੇ ਇਸ ਦੌਰੇ ਨੂੰ 21ਵੀਂ ਸਦੀ ਵਿੱਚ ਭਾਰਤ-ਯੂਕੇ ਦੇ ਦੋਸਤਾਨਾ ਰਿਸ਼ਤੇ ਗੂੜ੍ਹੇ ਕਰਨ ਦੇ ਹਿੱਤ ਵਿੱਚ ਦੱਸਿਆ।
ਜੱਲ੍ਹਿਆਂਵਾਲਾ ਬਾਗ਼ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ।